ਸਾਊਦੀ ਅਰਬ ''ਚ ਤੰਗ ਕੱਪੜੇ ਪਾਉਣ ਅਤੇ ਸ਼ਰੇਆਮ ਕਿੱਸ ਕਰਨ ''ਤੇ ਲੱਗੀ ਪਾਬੰਦੀ
Sunday, Sep 29, 2019 - 03:11 PM (IST)

ਰਿਆਦ (ਬਿਊਰੋ)— ਸਾਊਦੀ ਅਰਬ ਵਿਚ ਨਾਗਰਿਕਾਂ ਲਈ ਇਕ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਸ਼ਨੀਵਾਰ ਨੂੰ ਸਾਊਦੀ ਸਰਕਾਰ ਨੇ ਕਿਹਾ ਕਿ ਉਹ ਜਨਤਕ ਸ਼ਿਸ਼ਟਾਚਾਰ ਦੀ ਉਲੰਘਣਾ ਕਰਨ ਵਾਲਿਆਂ 'ਤੇ ਜ਼ੁਰਮਾਨਾ ਲਗਾਏਗੀ। ਸਰਕਾਰ ਨੇ ਕੱਪੜੇ ਪਾਉਣ ਸਬੰਧੀ ਨਵਾਂ ਨਿਯਮ ਬਣਾਇਆ ਹੈ। ਇਹ ਫੈਸਲਾ ਸਾਊਦੀ ਨੇ ਟੂਰਿਜ਼ਮ 'ਤੇ ਲਏ ਆਪਣੇ ਫੈਸਲੇ ਤੋਂ ਸਿਰਫ ਇਕ ਦਿਨ ਬਾਅਦ ਲਿਆ ਹੈ। ਨਵੇਂ ਨਿਯਮ ਵਿਚ ਤੰਗ ਕੱਪੜੇ ਪਾਉਣ ਅਤੇ ਜਨਤਕ ਸਥਾਨਾਂ 'ਤੇ ਕਿੱਸ ਕਰਨ 'ਤੇ ਪਾਬੰਦੀ ਵੀ ਸ਼ਾਮਲ ਹੈ।
ਸਾਊਦੀ ਸਰਕਾਰ ਦਾ ਕਹਿਣਾ ਹੈ ਕਿ ਉਸ ਨੇ 19 ਅਜਿਹੇ ਅਪਰਾਧਾਂ ਦੀ ਪਛਾਣ ਕੀਤੀ ਹੈ ਪਰ ਕਿਹੜੇ ਅਪਰਾਧ ਵਿਚ ਕਿੰਨਾ ਜ਼ੁਰਮਾਨਾ ਲੱਗੇਗਾ ਇਹ ਹਾਲੇ ਤੱਕ ਸਪੱਸ਼ਟ ਨਹੀਂ ਹੋ ਪਾਇਆ ਹੈ। ਸਰਕਾਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ,''ਨਵੇਂ ਨਿਯਮ ਦੇ ਤਹਿਤ ਪੁਰਸ਼ ਅਤੇ ਔਰਤਾਂ ਦੋਹਾਂ ਨੂੰ ਸਧਾਰਨ ਕੱਪੜੇ ਮਤਲਬ ਜਿਸ ਵਿਚ ਸਰੀਰ ਘੱਟ ਤੋਂ ਘੱਟ ਦਿਸੇ ਪਾਉਣੇ ਪੈਣਗੇ। ਇਸ ਦੇ ਨਾਲ ਜਨਤਕ ਥਾਵਾਂ 'ਤੇ ਸ਼ਿਸ਼ਟਾਚਾਰ ਬਣਿਆ ਰਹੇਗਾ। ਔਰਤਾਂ ਸਧਾਰਨ ਕੱਪੜਿਆਂ ਵਿਚ ਕੁਝ ਵੀ ਪਾਉਣ ਲਈ ਸੁਤੰਤਰ ਹਨ। ਨਿਯਮ ਇਹ ਯਕੀਨੀ ਕਰਨ ਲਈ ਹੈ ਦੇਸ਼ ਵਿਚ ਮਹਿਮਾਨਾਂ ਅਤੇ ਟੂਰਿਸਟਾਂ ਨੂੰ ਜਨਤਕ ਵਿਵਹਾਰ ਨਾਲ ਸਬੰਧਤ ਕਾਨੂੰਨ ਦੇ ਬਾਰੇ ਵਿਚ ਪਤਾ ਹੋਵੇ ਤਾਂ ਜੋ ਉਹ ਇਸ ਦੀ ਪਾਲਣਾ ਕਰਨ।''
ਨਵੇਂ ਨਿਯਮਾਂ ਦੇ ਤਹਿਤ ਪੁਰਸ਼ ਅਤੇ ਔਰਤਾਂ ਨਾ ਤਾਂ ਤੰਗ ਕੱਪੜੇ ਪਹਿਨ ਸਕਦੇ ਹਨ ਅਤੇ ਨਾ ਹੀ ਅਜਿਹੇ ਕੱਪੜੇ ਪਹਿਨ ਸਕਦੇ ਹਨ ਜਿਨ੍ਹਾਂ 'ਤੇ ਇਤਰਾਜ਼ਯੋਗ ਤਸਵੀਰਾਂ ਜਾਂ ਫਿਰ ਭਾਸ਼ਾ ਲਿਖੀ ਹੋਵੇ। ਨਵੇਂ ਨਿਯਮਾਂ ਨੂੰ ਸਾਊਦੀ ਦੇ ਟੂਰਿਸਟ ਵਿਭਾਗ ਦੀ ਵੈਬਸਾਈਟ 'ਤੇ ਅੰਗਰੇਜ਼ੀ ਵਿਚ ਪੜ੍ਹਿਆ ਜਾ ਸਕਦਾ ਹੈ। ਇਸ ਵਿਚ ਲਿਖਿਆ ਹੈ ਕਿ ਔਰਤਾਂ ਨੂੰ ਜਨਤਕ ਥਾਵਾਂ 'ਤੇ ਮੋਢੇ ਅਤੇ ਗੋਡਿਆਂ ਤੱਕ ਢਕੇ ਕੱਪੜੇ ਪਾਉਣੇ ਲਾਜ਼ਮੀ ਹਨ। ਭਾਵੇਂਕਿ ਟੂਰਿਸਟ ਮੰਤਰੀ ਅਹਿਮਦ ਅਲ ਖਤੀਬ ਦਾ ਕਹਿਣਾ ਹੈ ਕਿ ਸਰੀਰ ਨੂੰ ਪੂਰੀ ਤਰ੍ਹਾਂ ਢੱਕਣ ਵਾਲਾ ਨਿਯਮ ਵਿਦੇਸ਼ੀ ਔਰਤਾਂ 'ਤੇ ਲਾਗੂ ਨਹੀਂ ਹੋਵੇਗਾ। ਇਹ ਨਿਯਮ ਸਿਰਫ ਸਾਊਦੀ ਔਰਤਾਂ ਤੱਕ ਹੀ ਸੀਮਤ ਹੋਵੇਗਾ।
ਗੌਰਤਲਬ ਹੈ ਕਿ ਸ਼ੁੱਕਰਵਾਰ ਨੂੰ ਹੀ ਸਾਊਦੀ ਨੇ ਕਿਹਾ ਸੀ ਕਿ ਉਹ 49 ਦੇਸ਼ਾਂ ਲਈ ਵੀਜ਼ਾ ਵਿਵਸਥਾ ਸ਼ੁਰੂ ਕਰੇਗਾ। ਇਨ੍ਹਾਂ ਦੇਸ਼ਾਂ ਵਿਚ ਅਮਰੀਕਾ, ਆਸਟ੍ਰੇਲੀਆ ਅਤੇ ਕਈ ਹੋਰ ਯੂਰਪੀ ਦੇਸ਼ ਸ਼ਾਮਲ ਹਨ। ਨਿਯਮਾਂ ਦੀ ਪਾਲਣਾ 'ਤੇ ਨਜ਼ਰ ਬਣਾਈ ਰੱਖਣ ਦੀ ਜ਼ਿੰਮੇਵਾਰੀ ਧਾਰਮਿਕ ਪੁਲਸ ਨੂੰ ਦਿੱਤੇ ਜਾਣ ਦੀ ਸੰਭਾਵਨਾ ਹੈ।