ਦੁਬਈ ''ਚ ਸ਼ਾਂਤੀ ਸਿਖਰ ਸੰਮੇਲਨ ''ਚ ਸ਼ਾਮਲ ਹੋਣਗੇ ਕੈਲਾਸ਼ ਸਤਿਆਰਥੀ ਅਤੇ ਬਾਬਾ ਰਾਮਦੇਵ
Tuesday, Feb 04, 2025 - 07:04 PM (IST)
ਦੁਬਈ (ਏਜੰਸੀ)- ਨੋਬਲ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਅਤੇ ਯੋਗ ਗੁਰੂ ਰਾਮਦੇਵ ਉਨ੍ਹਾਂ ਪ੍ਰਮੁੱਖ ਭਾਰਤੀ ਸ਼ਖਸੀਅਤਾਂ ਵਿੱਚ ਸ਼ਾਮਲ ਹਨ, ਜੋ ਅਗਲੇ ਮਹੀਨੇ ਇੱਥੇ ਹੋਣ ਵਾਲੇ ਗਲੋਬਲ ਸ਼ਾਂਤੀ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਹਨ। 'ਆਈ ਐਮ ਪੀਸਕੀਪਰ ਮੂਵਮੈਂਟ' ਦੇ ਚੇਅਰਮੈਨ ਡਾ. ਹੁਜ਼ੈਫਾ ਖੋਰਾਕੀਵਾਲਾ ਨੇ 12-13 ਅਪ੍ਰੈਲ ਨੂੰ ਹੋਣ ਵਾਲੇ ਸੰਮੇਲਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਸਿਖਰ ਸੰਮੇਲਨ ਕੈਬਨਿਟ ਮੈਂਬਰ ਅਤੇ ਸਹਿਣਸ਼ੀਲਤਾ ਅਤੇ ਸਹਿ-ਹੋਂਦ ਮੰਤਰੀ ਸ਼ੇਖ ਨਾਹਯਾਨ ਮੁਬਾਰਕ ਅਲ ਨਾਹਯਾਨ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਜਾਵੇਗਾ, ਜੋ ਮੁੱਖ ਮਹਿਮਾਨ ਵੀ ਹੋਣਗੇ।
ਇਸ ਸੰਮੇਲਨ ਦਾ ਵਿਸ਼ਾ 'ਇੱਕ ਗ੍ਰਹਿ, ਇੱਕ ਆਵਾਜ਼: ਗਲੋਬਲ ਜਸਟਿਸ, ਪਿਆਰ ਅਤੇ ਸ਼ਾਂਤੀ' ਹੈ ਅਤੇ ਇਸ ਨੂੰ 10 ਨੋਬਲ ਪੁਰਸਕਾਰ ਜੇਤੂ, ਗਲੋਬਲ ਚਿੰਤਕ, ਨੀਤੀ ਨਿਰਮਾਤਾ, ਉੱਦਮੀ, ਸੱਭਿਆਚਾਰਕ ਹੱਸਤੀਆਂ, ਖੇਡ ਹਸਤੀਆਂ ਅਤੇ ਸ਼ਾਂਤੀ ਅਤੇ ਨਿਆਂ ਦੇ ਪੈਰੋਕਾਰਾਂ ਸਣੇ 72 ਬੁਲਾਰੇ ਸੰਬੋਧਨ ਕਰਨਗੇ। ਇੱਥੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਯੂਏਈ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿਸ ਨੇ ਸਹਿਣਸ਼ੀਲਤਾ ਅਤੇ ਸਦਭਾਵਨਾ ਨੂੰ ਸਮਰਪਿਤ ਇੱਕ ਸਰਕਾਰੀ ਮੰਤਰਾਲਾ ਸਥਾਪਤ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਸੰਸਥਾਵਾਂ ਦੀ ਸਥਾਪਨਾ ਨਾਲ ਯੂਏਈ ਵਿਸ਼ਵਵਿਆਪੀ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਆਦਰਸ਼ ਸਥਾਨ ਬਣ ਗਿਆ ਹੈ।