ਨਵਾਜ਼ ਸ਼ਰੀਫ਼ ਦੀ ਪਾਰਟੀ ਦੇ ਨੇਤਾ ਸਰਦਾਰ ਅਯਾਜ਼ ਸਾਦਿਕ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਚੁਣੇ ਗਏ ਸਪੀਕਰ

03/01/2024 4:06:37 PM

ਇਸਲਾਮਾਬਾਦ (ਏਜੰਸੀ)- ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਅਗਵਾਈ ਵਾਲੀ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਅਯਾਜ਼ ਸਾਦਿਕ ਨੂੰ ਸ਼ੁੱਕਰਵਾਰ ਨੂੰ ਨਵੀਂ ਬਣੀ ਨੈਸ਼ਨਲ ਅਸੈਂਬਲੀ ਦਾ ਸਪੀਕਰ ਚੁਣਿਆ ਗਿਆ। ਡਾਨ ਡਾਟ ਕਾਮ ਦੀ ਰਿਪੋਰਟ ਮੁਤਾਬਕ ਪੀ.ਐੱਮ.ਐੱਲ.-ਐੱਨ. ਦੇ ਸਾਦਿਕ ਨੂੰ ਕੁੱਲ 291 ਵੋਟਾਂ ਵਿੱਚੋਂ 199 ਵੋਟਾਂ ਮਿਲੀਆਂ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਉਮੀਦਵਾਰ ਨੇ ਆਪਣੇ ਵਿਰੋਧੀ ਆਮਿਰ ਡੋਗਰ ਨੂੰ ਹਰਾਇਆ, ਜਿਸ ਨੂੰ ਸੁੰਨੀ ਇਤੇਹਾਦ ਕੌਂਸਲ (ਐੱਸ.ਆਈ.ਸੀ.) ਦੇ ਮੈਂਬਰਾਂ ਦੇ ਹੰਗਾਮੇ ਦੌਰਾਨ ਸਿਰਫ਼ 91 ਵੋਟਾਂ ਮਿਲੀਆਂ। ਡੋਗਰ ਨੂੰ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਦਾ ਸਮਰਥਨ ਪ੍ਰਾਪਤ ਸੀ।

ਇਹ ਵੀ ਪੜ੍ਹੋ: ਸ਼ਾਹਬਾਜ਼ ਸ਼ਰੀਫ਼ ਜਾਂ ਉਮਰ ਅਯੂਬ ਖ਼ਾਨ; ਪਾਕਿਸਤਾਨ ਨੂੰ ਇਸ ਦਿਨ ਮਿਲੇਗਾ ਨਵਾਂ ਪ੍ਰਧਾਨ ਮੰਤਰੀ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ, ਅਹੁਦਾ ਛੱਡ ਰਹੇ ਸਪੀਕਰ ਰਾਜਾ ਪਰਵੇਜ਼ ਅਸ਼ਰਫ ਨੇ ਕਿਹਾ ਕਿ ਕੁੱਲ 291 ਵੋਟਾਂ ਪਈਆਂ, ਜਿਨ੍ਹਾਂ ਵਿੱਚੋਂ ਇੱਕ "ਅਵੈਧ" ਸੀ ਅਤੇ ਬਾਕੀ ਨੂੰ "ਜਾਇਜ਼" ਕਰਾਰ ਦਿੱਤਾ ਗਿਆ। ਖਾਨ ਅਤੇ ਪੀ.ਟੀ.ਆਈ. ਨੇ 8 ਫਰਵਰੀ ਦੀਆਂ ਚੋਣਾਂ ਵਿੱਚ ਵੱਡੇ ਪੱਧਰ 'ਤੇ ਧਾਂਦਲੀ ਦਾ ਦੋਸ਼ ਲਗਾਇਆ ਹੈ ਅਤੇ ਪੀ.ਐੱਮ.ਐੱਲ.-ਐੱਨ. ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਸਮੇਤ ਇਸ ਦੇ ਗਠਜੋੜ ਭਾਈਵਾਲਾਂ 'ਤੇ ਆਪਣੀ ਪਾਰਟੀ ਦਾ ਫਤਵਾ ਚੋਰੀ ਕਰਨ ਦਾ ਦੋਸ਼ ਲਗਾਇਆ ਹੈ। ਇੱਥੇ ਦੱਸ ਦੇਈਏ ਕਿ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਸਕੱਤਰੇਤ ਨੇ ਵੀਰਵਾਰ ਨੂੰ ਐਲਾਨੇ ਗਏ ਪ੍ਰੋਗਰਾਮ ਮੁਤਾਬਕ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਐਤਵਾਰ (3 ਮਾਰਚ) ਨੂੰ ਹੋਵੇਗੀ। ਪੀ.ਐੱਮ.ਐੱਲ.-ਐੱਨ. ਅਤੇ ਪੀ.ਪੀ.ਪੀ. ਗਠਜੋੜ ਨੇ ਸਾਬਕਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਨਵੇਂ ਰਾਸ਼ਟਰਪਤੀ ਦੀ ਚੋਣ 9 ਮਾਰਚ ਨੂੰ ਹੋਵੇਗੀ। ਪੀ.ਪੀ.ਪੀ. ਆਗੂ ਅਤੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੇ ਕਰੀਬ 11 ਸਾਲਾਂ ਦੇ ਵਕਫ਼ੇ ਮਗਰੋਂ ਇਸ ਅਹੁਦੇ ਲਈ ਮੁੜ ਚੁਣੇ ਜਾਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਅਨੰਤ-ਰਾਧਿਕਾ ਪ੍ਰੀ-ਵੈਡਿੰਗ ਪਾਰਟੀ: ਜਾਮਨਗਰ ਪਹੁੰਚੀ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News