ਇੰਡੋਨੇਸ਼ੀਆਈ ਪਸ਼ੂ ਬਾਜ਼ਾਰ 'ਚ ਕੁੱਤੇ, ਬਿੱਲੀ ਦੇ ਮਾਸ ਦੀ ਵਿਕਰੀ 'ਤੇ ਪਾਬੰਦੀ, ਇਸ ਕਾਰਨ ਚੁੱਕਿਆ ਇਹ ਕਦਮ
Friday, Jul 21, 2023 - 05:16 PM (IST)
ਤੋਮੋਹੋਨ (ਭਾਸ਼ਾ)- ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਖੇਤਰ ਦੇ ਇਕ ਪਸ਼ੂ ਬਾਜ਼ਾਰ ਵਿਚ ਕੁੱਤਿਆਂ ਅਤੇ ਬਿੱਲੀਆਂ ਦੇ ਕਤਲ ਅਤੇ ਉਨ੍ਹਾਂ ਦੇ ਮਾਸ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ। ਅਧਿਕਾਰੀਆਂ ਨੇ ਸਥਾਨਕ ਕਾਰਕੁਨਾਂ ਅਤੇ ਗਲੋਬਲ ਸ਼ਖਸੀਅਤਾਂ ਵੱਲੋਂ ਖੇਤਰ ਵਿੱਚ ਕੁੱਤੇ-ਬਿੱਲੀਆਂ ਦੇ ਮਾਸ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਲਈ ਸਾਲਾਂ ਤੋਂ ਚਲਾਈ ਜਾ ਰਹੀ ਮੁਹਿੰਮ ਦਰਮਿਆਨ ਇਹ ਕਦਮ ਚੁੱਕਿਆ ਹੈ।
ਪਸ਼ੂ ਬੇਰਹਿਮੀ ਦੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਸੰਗਠਨ ਹਿਊਮਨ ਸੋਸਾਇਟੀ ਇੰਟਰਨੈਸ਼ਨਲ (ਐੱਚ.ਐੱਸ.ਆਈ.) ਨੇ ਕਿਹਾ ਕਿ ਟੋਮੋਹੋਨ ਐਕਸਟ੍ਰੀਮ ਮਾਰਕਿਟ ਕੁੱਤੇ-ਬਿੱਲੀਆਂ ਦੇ ਕਤਲ ਅਤੇ ਉਨ੍ਹਾਂ ਦੇ ਮਾਸ ਦੀ ਵਿਕਰੀ 'ਤੇ ਪਾਬੰਦੀ ਲਾਉਣ ਵਾਲਾ ਇੰਡੋਨੇਸ਼ੀਆ ਪਹਿਲਾ ਅਜਿਹਾ ਪਸ਼ੂ ਬਾਜ਼ਾਰ ਹੋਵੇਗਾ। ਇਸ ਬਜ਼ਾਰ ਵਿੱਚ ਕੁੱਤਿਆਂ ਅਤੇ ਬਿੱਲੀਆਂ ਨੂੰ ਕੁੱਟ-ਕੁੱਟ ਕੇ ਜ਼ਿੰਦਾ ਸਾੜਨ ਦੀਆਂ ਤਸਵੀਰਾਂ ਨੇ ਵਿਆਪਕ ਰੋਸ ਫੈਲਾ ਦਿੱਤਾ ਸੀ।
ਟੋਮੋਹੋਨ ਸਿਟੀ ਦੇ ਮੇਅਰ ਕੈਰੋਲ ਸੇਂਦੁਕ ਨੇ ਸ਼ੁੱਕਰਵਾਰ ਨੂੰ ਟੋਮੋਹੋਨ ਐਕਸਟ੍ਰੀਮ ਮਾਰਕੀਟ ਵਿੱਚ ਕੁੱਤਿਆਂ ਅਤੇ ਬਿੱਲੀਆਂ ਦੇ ਕਤਲ ਅਤੇ ਉਨ੍ਹਾਂ ਦੇ ਮਾਸ ਦੀ ਵਿਕਰੀ ਨੂੰ ਖਤਮ ਕਰਨ ਦਾ ਐਲਾਨ ਕੀਤਾ। ਐੱਚ.ਐੱਸ.ਆਈ. ਨੇ ਕਿਹਾ ਕਿ ਉਹ ਟੋਮੋਹਨ ਐਕਸਟ੍ਰੀਮ ਮਾਰਕੀਟ ਦੇ ਬੁੱਚੜਖਾਨੇ ਵਿਚ ਮੌਜੂਦ ਜ਼ਿੰਦਾ ਕੁੱਤੇ-ਬਿੱਲੀਆਂ ਨੂੰ ਬਚਾਏਗਾ ਅਤੇ ਉਨ੍ਹਾਂ ਨੂੰ ਪਨਾਹਗਾਹਾਂ ਵਿੱਚ ਛੱਡ ਦੇਵੇਗਾ।