ਰਾਸ਼ਟਰ ਮੰਡਲ ਖੇਡਾਂ 'ਚ ਵਧੀਆ ਪ੍ਰਦਰਸ਼ਨ ਲਈ ਖਿਡਾਰੀਆਂ ਨੂੰ ਵਧਾਈ : ਢੀਂਡਸਾ

04/13/2018 7:22:01 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਖੇ ਚੱਲ ਰਹੀਆ ਰਾਸ਼ਟਰਮੰਡਲ ਖੇਡਾਂ ਦੇ ਦੌਰੇ 'ਤੇ ਆਏ ਹੋਏ ਸਾਈਕਿਲੰਗ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਮੰਤਰੀ ਵਲੋਂ ਉਚੇਚੇ ਤੌਰ 'ਤੇ ਮਰਹੂਮ ਮਨਮੀਤ ਅਲੀਸ਼ੇਰ ਨੂੰ ਸ਼ਰਧਾਜਲੀ ਭੇਂਟ ਕਰਨ ਦੇ ਲਈ ਬ੍ਰਿਸਬੇਨ ਦੇ ਸ਼ਹਿਰ ਮਾਰੂਕਾ ਵਿਖੇ ਘਟਨਾ ਸਥਾਨ 'ਤੇ ਗਏ। ਪਰਮਿੰਦਰ ਸਿੰਘ ਢੀਂਡਸਾ ਨੇ ਮਨਮੀਤ ਨੂੰ ਸ਼ਰਧਾਂਜਲੀ ਭੇਂਟ ਕਰਦਿਆ ਕਿਹਾ ਕਿ ਮਰਹੂਮ ਦੇ ਇਸ ਜਹਾਨ ਤੋਂ ਜਾਣ 'ਤੇ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਆਸਟ੍ਰੇਲੀਆਈ ਸਰਕਾਰ ਅਤੇ ਬ੍ਰਿਸਬੇਨ ਸਿਟੀ ਕੌਂਸਲ ਦਾ ਮਨਮੀਤ ਅਲੀਸ਼ੇਰ ਦੇ ਨਾਮ 'ਤੇ ਲਕਸਵਰਥ ਪਲੇਸ ਪਾਰਕ ਦਾ ਨਾਮ 'ਮਨਮੀਤ ਪੈਰਾਡਾਇਜ਼' ਰੱਖਣ ਦੇ ਲਈ ਧੰਨਵਾਦ ਕਰਦਿਆ ਪਰਿਵਾਰ ਨੂੰ ਆਸਟ੍ਰੇਲੀਆਈ ਨਿਆਂਪਾਲਿਕਾ ਤੋਂ ਜਲਦੀ ਇਨਸਾਫ ਮਿਲਣ ਦੀ ਆਸ ਪ੍ਰਗਟਾਈ। ਉਨ੍ਹਾਂ ਅੱਗੇ ਕਿਹਾ ਆਸਟ੍ਰੇਲੀਆ ਵਸਦੇ ਪ੍ਰਵਾਸੀ ਭਾਰਤੀ ਖਾਸਕਰ ਪੰਜਾਬੀ ਭਾਈਚਾਰੇ ਵਲੋਂ ਮਿਹਨਤ ਅਤੇ ਲਗਨ ਨਾਲ ਤਰੱਕੀ ਕਰ ਜੋ ਬੁਲੰਦੀਆ ਹਾਸਲ ਕੀਤੀਆ ਹਨ, ਉਹ ਬਹੁਤ ਹੀ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਵਾਸੀਆਂ ਵੱਲੋਂ ਦਿੱਤੇ ਗਏ ਪਿਆਰ ਅਤੇ ਸਹਿਯੋਗ ਦੇ ਲਈ ਹਮੇਸ਼ਾ ਹੀ ਰਿਣੀ ਰਹੇਗਾ। ਪ੍ਰਵਾਸੀਆਂ ਨਾਲ ਪਿਛਲੇ ਸਮੇਂ ਜਿੱਥੇ ਕਿਤੇ ਵੀ ਤਾਲ-ਮੇਲ ਦੀ ਕਮੀ ਰਹੀ ਹੈ, ਉਹ ਸਾਰੇ ਮਨ-ਮੁਟਾਵ ਨੂੰ ਦੂਰ ਕਰਨ ਲਈ ਪਾਰਟੀ ਜਲਦੀ ਹੀ ਪ੍ਰੋਗਰਾਮ ਉਲੀਕੇਗੀ। ਉਨ੍ਹਾਂ ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਖਿਡਾਰੀਆਂ ਵਲੋਂ ਕੀਤੇ ਜਾ ਰਹੇ ਬਿਹਤਰੀਨ ਪ੍ਰਦਰਸ਼ਨ 'ਤੇ ਵਧਾਈ ਦਿੱਤੀ। ਬ੍ਰਿਸਬੇਨ ਸਿਟੀ ਕੌਂਸਲ ਦੀ ਚੇਅਰਮੈਨ ਏਜਲਾ ਓਵਨ ਅਤੇ ਪਿੰਕੀ ਸਿੰਘ ਪ੍ਰਧਾਨ ਪੰਜਾਬੀ ਵੈੱਲਫੈਅਰ ਐਸੋਸੀਏਸ਼ਨ ਆਫ਼ ਆਸਟ੍ਰੇਲੀਆ ਨੇ ਸੀਨੀਅਰ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਵਿਧਾਇਕ ਲਹਿਰਾਗਾਗਾ ਦਾ ਬ੍ਰਿਸਬੇਨ ਆਉਣ 'ਤੇ ਭਰਵਾ ਸਵਾਗਤ ਕਰਦਿਆਂ ਵਿਨਰਜੀਤ ਸਿੰਘ ਗੋਲਡੀ ਅਕਾਲੀ ਆਗੂ ਦਾ ਵੀ ਵਿਸ਼ੇਸ਼ ਤੋਰ 'ਤੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਵਿਜੇਪਾਲ ਗਰੇਵਾਲ, ਲਾਡੀ ਮਾਵੀ, ਕਮਲ ਖਹਿਰਾ ਵੀ ਹਾਜਰ ਸਨ।


Related News