ਟਰੰਪ ਨੂੰ ਖਾਲੀ ਹੱਥ ਮੋੜਨ ਤੋਂ ਬਾਅਦ ਪੁਤਿਨ ਦਾ ਸਵਾਗਤ, ਚੀਨ ਨੇ ਦਿਖਾਇਆ ਵਿਸ਼ਵ ਸ਼ਕਤੀ ਦਾ ਨਵਾਂ ਚਿਹਰਾ!
Wednesday, May 20, 2026 - 03:19 AM (IST)
ਬੀਜਿੰਗ - ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ 2 ਦਿਨਾ ਚੀਨ ਯਾਤਰਾ ਦੌਰਾਨ ਉਹ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ 2001 ਦੀ ‘ਗੁੱਡ-ਨੇਬਰਲੀਨੈੱਸ ਐਂਡ ਫ੍ਰੈਂਡਲੀ ਕੋਆਪ੍ਰੇਸ਼ਨ’ ਸੰਧੀ ਦੀ 25ਵੀਂ ਵਰ੍ਹੇਗੰਢ ਦੇ ਪ੍ਰੋਗਰਾਮ ਵਿਚ ਹਿੱਸਾ ਲੈਣਗੇ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਮੁਲਾਕਾਤ ਸਿਰਫ਼ ਇਕ ਰਸਮੀ ਪ੍ਰੋਗਰਾਮ ਨਹੀਂ ਸਗੋਂ ਬਦਲ ਰਹੀ ਗਲੋਬਲ ਰਾਜਨੀਤੀ ਦਾ ਇਕ ਵੱਡਾ ਸੰਕੇਤ ਹੈ।
ਪੁਤਿਨ ਦੀ ਇਹ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਾਲ ਹੀ ਵਿਚ ਚੀਨ ਦੇ ਦੌਰੇ ਤੋਂ ਪਰਤੇ ਹਨ। ਟਰੰਪ ਨੇ ਚੀਨ ਨਾਲ ਵੱਡੇ ਵਪਾਰਕ ਸਮਝੌਤਿਆਂ ਦਾ ਦਾਅਵਾ ਕੀਤਾ ਸੀ ਪਰ ਤਾਈਵਾਨ, ਈਰਾਨ ਜੰਗ ਅਤੇ ਰਣਨੀਤਕ ਮੁਕਾਬਲੇਬਾਜ਼ੀ ਵਰਗੇ ਅਹਿਮ ਮੁੱਦਿਆਂ ’ਤੇ ਕੋਈ ਠੋਸ ਪ੍ਰਗਤੀ ਸਾਹਮਣੇ ਨਹੀਂ ਆਈ। ਵਿਸ਼ਲੇਸ਼ਕਾਂ ਅਨੁਸਾਰ ਇਸ ਨਾਲ ਰੂਸ ਨੂੰ ਸਾਫ਼ ਸੰਕੇਤ ਮਿਲਿਆ ਹੈ ਕਿ ਬੀਜਿੰਗ ਅਜੇ ਮਾਸਕੋ (ਰੂਸ) ਤੋਂ ਦੂਰੀ ਬਣਾਉਣ ਦੇ ਮੂਡ ਵਿਚ ਨਹੀਂ ਹੈ।
ਪੁਤਿਨ ਨੂੰ ਚੀਨ ਦੀ ਜ਼ਿਆਦਾ ਲੋੜ
ਲੰਡਨ ਦੇ ਕਿੰਗਜ਼ ਕਾਲਜ ਦੀ ਰੱਖਿਆ ਮਾਹਿਰ ਮਰੀਨਾ ਮਿਰੋਨ ਅਨੁਸਾਰ ਰੂਸ ਅਤੇ ਚੀਨ ਦੇ ਸਬੰਧਾਂ ਵਿਚ ਕੋਈ ਵੱਡਾ ਬਦਲਾਅ ਨਹੀਂ ਆਉਣ ਵਾਲਾ ਪਰ ਆਰਥਿਕ ਅਤੇ ਫ਼ੌਜੀ ਸਹਿਯੋਗ ਹੋਰ ਗਹਿਰਾ ਹੋ ਸਕਦਾ ਹੈ। ਊਰਜਾ, ਡਰੋਨ ਤਕਨਾਲੋਜੀ ਅਤੇ ਫ਼ੌਜੀ ਸਾਜ਼ੋ-ਸਾਮਾਨ ਨਾਲ ਜੁੜੇ ਖੇਤਰਾਂ ਵਿਚ ਦੋਵੇਂ ਦੇਸ਼ ਆਪਣੀ ਸਾਂਝੇਦਾਰੀ ਵਧਾ ਸਕਦੇ ਹਨ।
ਚੀਨ ਰੂਸ ਤੋਂ ਸਸਤੀ ਊਰਜਾ ਚਾਹੁੰਦਾ ਹੈ, ਜਦੋਂ ਕਿ ਰੂਸ ਨੂੰ ਚੀਨ ਦੀ ਤਕਨੀਕੀ ਮਦਦ ਦੀ ਲੋੜ ਹੈ। ਮਾਹਿਰ ਟਿਮੋਥੀ ਐਸ਼ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤ ਵਿਚ ਪੁਤਿਨ ਜ਼ਿਆਦਾ ਕਮਜ਼ੋਰ ਸਥਿਤੀ ਵਿਚ ਹਨ। ਉਨ੍ਹਾਂ ਮੁਤਾਬਕ ਯੂਕ੍ਰੇਨ ਜੰਗ ਤੋਂ ਬਾਅਦ ਰੂਸ ਹੁਣ ਚੀਨ ਦਾ ‘ਜੂਨੀਅਰ ਪਾਰਟਨਰ’ ਬਣ ਚੁੱਕਾ ਹੈ ਅਤੇ ਗੱਲਬਾਤ ਵਿਚ ਬੀਜਿੰਗ (ਚੀਨ) ਕੋਲ ਜ਼ਿਆਦਾ ਤਾਕਤ ਹੈ।
‘ਮਲਟੀਪੋਲਰ ਵਰਲਡ’ ਦਾ ਸਾਂਝਾ ਏਜੰਡਾ
‘ਅਲ ਜਜ਼ੀਰਾ’ ਦੀ ਰਿਪੋਰਟ ਮੁਤਾਬਕ ਰੂਸ ਅਤੇ ਚੀਨ ਲਗਾਤਾਰ ਇਕ ਅਜਿਹੀ ਵਿਸ਼ਵ ਵਿਵਸਥਾ ਦੀ ਗੱਲ ਕਰਦੇ ਆ ਰਹੇ ਹਨ, ਜਿਥੇ ਅਮਰੀਕਾ ਵਰਗੀ ਇਕੋ ਇਕ ਮਹਾਸ਼ਕਤੀ ਦਾ ਦਬਦਬਾ ਨਾ ਹੋਵੇ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਦੋਵੇਂ ਦੇਸ਼ ਖ਼ੁਦ ਨੂੰ ‘ਮਲਟੀਪੋਲਰ ਵਰਲਡ’ ਦੇ ਸਮਰਥਕ ਵਜੋਂ ਪੇਸ਼ ਕਰ ਰਹੇ ਹਨ। ਹਾਲਾਂਕਿ ਦੋਵੇਂ ਮਿਲਟਰੀ ਭਾਈਵਾਲ ਨਹੀਂ ਹਨ ਪਰ ਪੱਛਮੀ ਪਾਬੰਦੀਆਂ ਅਤੇ ਅਮਰੀਕੀ ਨੀਤੀਆਂ ਖ਼ਿਲਾਫ਼ ਉਨ੍ਹਾਂ ਦੀ ਰਣਨੀਤਕ ਨੇੜਤਾ ਲਗਾਤਾਰ ਵਧੀ ਹੈ।
ਇਰਾਨ ਜੰਗ ਦੇ ਪਰਛਾਵੇਂ ਹੇਠ ਮੀਟਿੰਗ
ਬੀਜਿੰਗ ਵਾਰਤਾ ’ਤੇ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਦਾ ਵੀ ਵੱਡਾ ਪਰਛਾਵਾਂ ਰਹੇਗਾ। ਮਾਹਿਰਾਂ ਅਨੁਸਾਰ ‘ਹੋਰਮੁਜ਼ ਸਟ੍ਰੇਟ ਵਿਚ ਵਧਦੇ ਤਣਾਅ ਦਾ ਅਸਰ ਵਿਸ਼ਵਵਿਆਪੀ ਊਰਜਾ ਬਾਜ਼ਾਰ ’ਤੇ ਪੈ ਰਿਹਾ ਹੈ, ਜਿਸ ਦਾ ਸਭ ਤੋਂ ਵੱਡਾ ਅਸਰ ਚੀਨ ਦੀ ਆਰਥਿਕਤਾ ’ਤੇ ਪੈ ਸਕਦਾ ਹੈ। ਹਾਲਾਂਕਿ ਰੂਸ ਨੂੰ ਫਿਲਹਾਲ ਇਸ ਦਾ ਕੁਝ ਆਰਥਿਕ ਫਾਇਦਾ ਮਿਲ ਰਿਹਾ ਹੈ, ਕਿਉਂਕਿ ਖਾੜੀ ਦੇਸ਼ਾਂ ਦੀ ਊਰਜਾ ਸਪਲਾਈ ਪ੍ਰਭਾਵਿਤ ਹੋ ਰਹੀ ਹੈ।
ਯੂਕ੍ਰੇਨ ’ਤੇ ਦਬਾਅ ਨਹੀਂ ਪਾਵੇਗਾ ਚੀਨ
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪੁਤਿਨ ਅਤੇ ਸ਼ੀ ਜਿਨਪਿੰਗ ਵਿਚਾਲੇ ਯੂਕ੍ਰੇਨ ਜੰਗ ’ਤੇ ਵੀ ਚਰਚਾ ਹੋਵੇਗੀ ਪਰ ਚੀਨ ਰੂਸ ’ਤੇ ਕਿਸੇ ਕਿਸਮ ਦਾ ਦਬਾਅ ਨਹੀਂ ਪਾਵੇਗਾ। ਚੀਨ ਲਗਾਤਾਰ ਖੁਦ ਨੂੰ ਇਕ ਨਿਰਪੱਖ ਵਿਚੋਲੇ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮਰੀਨਾ ਮਿਰੋਨ ਮੁਤਾਬਕ ਚੀਨ ਜਨਤਕ ਤੌਰ ’ਤੇ ਨਿਰਪੱਖਤਾ ਦਿਖਾਉਂਦਾ ਹੈ ਪਰ ਉਹ ਇਹ ਨਹੀਂ ਚਾਹੁੰਦਾ ਕਿ ਰੂਸ ਨੂੰ ਕੌਮਾਂਤਰੀ ਪੱਧਰ ’ਤੇ ਅਪਮਾਨਜਨਕ ਸਥਿਤੀ ਦਾ ਸਾਹਮਣਾ ਕਰਨਾ ਪਵੇ।
ਦੁਨੀਆ ਨੂੰ ਚੀਨ ਦਾ ਵੱਡਾ ਸੰਦੇਸ਼
ਮਾਹਿਰਾਂ ਦਾ ਕਹਿਣਾ ਹੈ ਕਿ ਇਕ ਦਿਨ ਅਮਰੀਕੀ ਰਾਸ਼ਟਰਪਤੀ ਅਤੇ ਅਗਲੇ ਹੀ ਦਿਨ ਰੂਸੀ ਰਾਸ਼ਟਰਪਤੀ ਦੀ ਮੇਜ਼ਬਾਨੀ ਕਰ ਕੇ ਚੀਨ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਮੌਜੂਦਾ ਵਿਸ਼ਵ ਰਾਜਨੀਤੀ ਵਿਚ ਉਸ ਨੂੰ ਨਜ਼ਰਅੰਦਾਜ਼ ਕਰਨਾ ਆਸਾਨ ਨਹੀਂ ਹੋਵੇਗਾ। ਬੀਜਿੰਗ ਖ਼ੁਦ ਨੂੰ ਇਕ ਅਜਿਹੀ ਤਾਕਤ ਵਜੋਂ ਸਥਾਪਿਤ ਕਰ ਰਿਹਾ ਹੈ, ਜੋ ਇਕੋ ਸਮੇਂ ਵਿਰੋਧੀ ਦੇਸ਼ਾਂ ਨਾਲ ਗੱਲਬਾਤ ਕਰ ਸਕਦੀ ਹੈ ਅਤੇ ਵਿਸ਼ਵ ਸ਼ਕਤੀ ਦੇ ਸੰਤੁਲਨ ਨੂੰ ਆਪਣੇ ਪੱਖ ਵਿਚ ਮੋੜ ਸਕਦੀ ਹੈ।
