ਨਾਟੋ ਨੂੰ ਲੈ ਕੇ ਯੂਕ੍ਰੇਨ ਖ਼ਿਲਾਫ਼ ਛੇੜੀ ਜੰਗ, ਹੁਣ ਰੂਸ ਨੇ ਸਵੀਡਨ ਅਤੇ ਫਿਨਲੈਂਡ ਨੂੰ ਵੀ ਦਿੱਤੀ ਚਿਤਾਵਨੀ

04/12/2022 10:18:12 AM

ਮਾਸਕੋ (ਬਿਊਰੋ): ਹੁਣ ਫਿਨਲੈਂਡ ਅਤੇ ਸਵੀਡਨ ਵੀ ਉਸੇ ਰਸਤੇ 'ਤੇ ਚੱਲਦੇ ਨਜ਼ਰ ਆ ਰਹੇ ਹਨ, ਜਿਸ ਨੂੰ ਲੈ ਕੇ ਯੂਕ੍ਰੇਨ ਅਤੇ ਰੂਸ ਵਿਚਾਲੇ ਇੰਨੀ ਵੱਡੀ ਜੰਗ ਛਿੜੀ ਹੋਈ ਹੈ। ਇਹੀ ਕਾਰਨ ਹੈ ਕਿ ਮਾਸਕੋ ਨੇ ਇਨ੍ਹਾਂ ਦੋਹਾਂ ਦੇਸ਼ਾਂ ਨੂੰ ਖੁੱਲ੍ਹੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਜਿਹਾ ਹੋਇਆ ਤਾਂ ਨਤੀਜਾ ਸਹੀ ਨਹੀਂ ਨਿਕਲੇਗਾ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਦਾ ਕਹਿਣਾ ਹੈ ਕਿ ਫਿਨਲੈਂਡ ਅਤੇ ਸਵੀਡਨ ਦਾ ਇਹ ਫ਼ੈਸਲਾ ਯੂਰਪ ਵਿੱਚ ਅਸਥਿਰਤਾ ਲਿਆ ਸਕਦਾ ਹੈ। ਰੂਸ ਨੇ ਸਪੱਸ਼ਟ ਕਿਹਾ ਹੈ ਕਿ ਇਨ੍ਹਾਂ ਦੋਵਾਂ ਦਾ ਇਹ ਫ਼ੈਸਲਾ ਉਨ੍ਹਾਂ ਨੂੰ ਟਕਰਾਅ ਦੇ ਰਾਹ 'ਤੇ ਲਿਆ ਸਕਦਾ ਹੈ। ਰੂਸ ਵੱਲੋਂ ਇਹ ਬਿਆਨ ਅਜਿਹੇ ਸਮੇਂ 'ਚ ਦਿੱਤਾ ਗਿਆ ਹੈ ਜਦੋਂ ਅਮਰੀਕਾ ਨੇ ਯੂਕ੍ਰੇਨ 'ਤੇ ਰੂਸ ਦੇ ਹਮਲੇ ਨੂੰ ਵੱਡੀ ਰਣਨੀਤਕ ਗਲਤੀ ਕਰਾਰ ਦਿੱਤਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਰੂਸ ਦੀ ਇਸ ਗਲਤੀ ਨੇ ਨਾਟੋ ਦੇ ਵਿਸਥਾਰ ਨੂੰ ਮੌਕਾ ਦਿੱਤਾ ਹੈ।

ਜੂਨ ਵਿਚ ਹੋਣਾ ਹੈ ਨਾਟੋ ਦਾ ਸੰਮੇਲਨ
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਸਾਲ ਜੂਨ ਵਿੱਚ ਮੈਡ੍ਰਿਡ ਵਿੱਚ ਨਾਟੋ ਦੀ ਇੱਕ ਕਾਨਫਰੰਸ ਹੋਣੀ ਹੈ। ਇਸ ਕਾਨਫਰੰਸ ਤੋਂ ਪਹਿਲਾਂ ਹੀ ਨਾਟੋ ਮੁਖੀ ਸਟੋਲਟਨਬਰਗ ਦੇ ਇਕ ਬਿਆਨ ਨੇ ਸਿਆਸੀ ਅਤੇ ਰਣਨੀਤਕ ਪੱਧਰ 'ਤੇ ਫਿਰ ਤੋਂ ਪਾਰਾ ਉੱਚਾ ਕਰ ਦਿੱਤਾ ਹੈ। ਸਟੋਲਟਨਬਰਗ ਦਾ ਕਹਿਣਾ ਹੈ ਕਿ ਜੇਕਰ ਇਹ ਦੋਵੇਂ ਦੇਸ਼ ਨਾਟੋ 'ਚ ਸ਼ਾਮਲ ਹੋ ਜਾਣ ਤਾਂ ਅਜਿਹਾ ਸੰਭਵ ਹੋ ਸਕਦਾ ਹੈ। ਉਨ੍ਹਾਂ ਮੁਤਾਬਕ ਜੇਕਰ ਉਹ ਇਹ ਚਾਹੁੰਦੇ ਹਨ ਤਾਂ ਇਸ ਦੀ ਪ੍ਰਕਿਰਿਆ ਵੀ ਜਲਦੀ ਪੂਰੀ ਹੋ ਸਕਦੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਨਾਟੋ ਦੇ ਇਸ ਬਿਆਨ 'ਤੇ ਦੋਵੇਂ ਦੇਸ਼ ਜਲਦ ਹੀ ਕੋਈ ਫ਼ੈਸਲਾ ਲੈ ਸਕਦੇ ਹਨ।

ਨਾਟੋ ਮੁੱਦਾ ਬਣਿਆ ਰੂਸ-ਯੂਕ੍ਰੇਨ ਜੰਗ ਦਾ ਕਾਰਨ
ਗੌਰਤਲਬ ਹੈ ਕਿ ਯੂਕ੍ਰੇਨ ਅਤੇ ਰੂਸ ਵਿਚਾਲੇ ਜੰਗ ਦਾ ਸਭ ਤੋਂ ਵੱਡਾ ਕਾਰਨ ਨਾਟੋ ਬਣਿਆ। ਇਹ ਜੰਗ ਦੂਜੇ ਮਹੀਨੇ ਵੀ ਜਾਰੀ ਹੈ ਅਤੇ ਇਸ ਕਾਰਨ 40 ਲੱਖ ਤੋਂ ਵੱਧ ਲੋਕ ਸ਼ਰਨਾਰਥੀ ਬਣ ਕੇ ਰਹਿਣ ਲਈ ਮਜਬੂਰ ਹੋ ਰਹੇ ਹਨ। ਇਸ ਦੇ ਨਾਲ ਹੀ ਇਸ ਜੰਗ ਦਾ ਅਸਰ ਸਿਰਫ਼ ਇੱਥੇ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਇਸ ਕਾਰਨ ਦੁਨੀਆ ਭਰ ਵਿੱਚ ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਉਛਾਲ ਆਇਆ ਹੈ। ਇਸ ਤੋਂ ਇਲਾਵਾ ਯੂਕ੍ਰੇਨ ਦੇ ਗੁਆਂਢੀ ਮੁਲਕਾਂ ਵਿੱਚ ਵੀ ਖਾਣ-ਪੀਣ ਦੀਆਂ ਵਸਤੂਆਂ ਦੀ ਕਮੀ ਹੋ ਗਈ ਹੈ। ਅਜਿਹੇ 'ਚ ਜੇਕਰ ਫਿਨਲੈਂਡ ਅਤੇ ਸਵੀਡਨ ਨਾਟੋ ਦੀ ਮੈਂਬਰਸ਼ਿਪ ਨੂੰ ਲੈ ਕੇ ਹੋਰ ਕਦਮ ਚੁੱਕਦੇ ਹਨ ਤਾਂ ਰੂਸ ਉਨ੍ਹਾਂ ਨਾਲ ਵੀ ਅਜਿਹਾ ਹੀ ਸਲੂਕ ਕਰ ਸਕਦਾ ਹੈ, ਜੋ ਉਸ ਨੇ ਯੂਕ੍ਰੇਨ ਨਾਲ ਕੀਤਾ ਹੈ। ਹਾਲਾਂਕਿ ਹੁਣ ਯੂਕ੍ਰੇਨ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਨਾਟੋ ਦੀ ਮੈਂਬਰਸ਼ਿਪ ਦੇ ਮੁੱਦੇ ਨੂੰ ਹਾਲੇ ਇਕ ਪਾਸੇ ਕਰ ਦਿੱਤਾ ਹੈ। ਉਹਨਾਂ ਦੇ ਇਸ ਬਿਆਨ ਦਾ ਮਤਲਬ ਸਾਫ਼ ਹੈ ਕਿ ਉਹ ਨਾਟੋ ਨਾਲ ਨਹੀਂ ਜਾ ਰਿਹਾ। ਇਸ ਦੇ ਬਾਵਜੂਦ ਰੂਸ ਵੱਲੋਂ ਛੇੜੀ ਗਈ ਜੰਗ ਅਜੇ ਖ਼ਤਮ ਨਹੀਂ ਹੋਈ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਕਈ ਦੌਰ ਦੀ ਗੱਲਬਾਤ ਵੀ ਹੋ ਚੁੱਕੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨੀ ਨਨਜ਼ ਦੀ ਦਰਿਆਦਿਲੀ, ਵਿਸਥਾਪਿਤ ਲੋਕਾਂ ਲਈ ਖੋਲ੍ਹੇ ਮੱਠ ਦੇ ਦਰਵਾਜ਼ੇ

ਹੁਣ ਤੱਕ ਫਿਨਲੈਂਡ ਅਤੇ ਸਵੀਡਨ ਨੇ ਅਪਣਾਈ ਨਿਰਪੱਖ ਨੀਤੀ
ਗੌਰਤਲਬ ਹੈ ਕਿ ਸ਼ੀਤ ਯੁੱਧ ਦੇ ਬਾਅਦ ਤੋਂ ਫਿਨਲੈਂਡ ਅਤੇ ਸਵੀਡਨ ਨਿਰਪੱਖਤਾ ਦੀ ਨੀਤੀ ਅਪਣਾਏ ਹੋਏ ਹਨ। ਦੂਜੇ ਪਾਸੇ ਫਿਨਲੈਂਡ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਹੈ। ਇਹ ਦੋਵੇਂ ਦੇਸ਼ 1995 ਵਿੱਚ ਯੂਰਪੀਅਨ ਯੂਨੀਅਨ ਵਿੱਚ ਸ਼ਾਮਲ ਹੋਏ ਸਨ। ਨਾਟੋ ਨੂੰ ਲੈ ਕੇ ਫਿਨਲੈਂਡ ਦੇ ਪ੍ਰਧਾਨ ਮੰਤਰੀ ਦਾ ਬਿਆਨ ਬਹੁਤ ਖਾਸ ਮੰਨਿਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਰੂਸ ਉਨ੍ਹਾਂ ਦੀ ਸੋਚ ਤੋਂ ਵੱਖ ਹੈ। ਬਦਲਦੇ ਸਮੇਂ ਵਿੱਚ ਰੂਸ ਨਾਲ ਵੀ ਸਬੰਧ ਬਦਲ ਰਹੇ ਹਨ ਅਤੇ ਉਮੀਦ ਨਹੀਂ ਹੈ ਕਿ ਉਹ ਪਹਿਲਾਂ ਵਾਂਗ ਹੀ ਰਹਿਣਗੇ। ਉਨ੍ਹਾਂ ਨੇ ਭਵਿੱਖ ਵਿੱਚ ਆਪਣੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟ ਕਰਦੇ ਹੋਏ ਆਪਣੀ ਰਾਏ ਦੱਸੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਦੇਸ਼ ਦੀ ਪ੍ਰਭੂਸੱਤਾ ਨੂੰ ਕਾਇਮ ਰੱਖਦੇ ਹੋਏ ਨਾਟੋ ਵਿੱਚ ਸ਼ਾਮਲ ਹੋਣ ਦਾ ਐਲਾਨ ਵੀ ਕੀਤਾ ਸੀ। ਉਨ੍ਹਾਂ ਮੁਤਾਬਕ ਫਿਨਲੈਂਡ ਜੂਨ 'ਚ ਹੋਣ ਵਾਲੇ ਨਾਟੋ ਸੰਮੇਲਨ ਤੋਂ ਪਹਿਲਾਂ ਹੀ ਇਸ 'ਤੇ ਫ਼ੈਸਲਾ ਲਵੇਗਾ।

ਸਮੇਂ ਦੇ ਨਾਲ ਬਦਲੀ ਦੋਵਾਂ ਦੇਸ਼ਾਂ ਦੀ ਨੀਤੀ
ਜਾਣਕਾਰੀ ਮੁਤਬਕ ਫਿਨਲੈਂਡ ਕਦੇ ਸਵੀਡਨ ਦਾ ਹਿੱਸਾ ਸੀ। ਜਿੱਥੋਂ ਤੱਕ ਰੂਸ ਅਤੇ ਫਿਨਲੈਂਡ ਦਾ ਸਬੰਧ ਹੈ, ਤਾਂ ਦੋਵਾਂ ਵਿਚਾਲੇ ਬਾਲਟਿਕ ਸਾਗਰ ਨੂੰ ਲੈਕੇ 1808-1809 ਵਿੱਚ ਲੜਾਈ ਹੋ ਚੁੱਕੀ ਹੈ। ਇਸ ਲੜਾਈ ਦਾ ਅੰਤ ਇਕ ਸਮਝੌਤੇ ਨਾਲ ਹੋਇਆ ਸੀ, ਜਿਸ ਤੋਂ ਬਾਅਦ ਸਵੀਡਨ ਦਾ ਲਗਭਗ ਤੀਜਾ ਹਿੱਸਾ ਇਸ ਦੇ ਹੱਥੋਂ ਗੁਆਚ ਗਿਆ। ਇਸ ਸਮਝੌਤੇ ਨੂੰ ਸਵੀਡਨ ਦੇ ਇਤਿਹਾਸ ਦਾ ਸਭ ਤੋਂ ਖਰਾਬ ਸਮਝੌਤਾ ਵੀ ਮੰਨਿਆ ਜਾਂਦਾ ਹੈ। ਫਿਨਲੈਂਡ 1917 ਵਿਚ ਰੂਸ ਤੋਂ ਆਜ਼ਾਦ ਹੋਇਆ। ਨਾਟੋ ਦੀ ਹੀ ਗੱਲ ਕਰੀਏ ਤਾਂ ਜੇਕਰ ਫਿਨਲੈਂਡ ਇਸ ਦਾ ਮੈਂਬਰ ਬਣ ਜਾਂਦਾ ਹੈ ਤਾਂ ਸਵੀਡਨ ਵੀ ਇਸੇ ਰਾਹ 'ਤੇ ਚੱਲੇਗਾ। ਦਿ ਸਵੀਡਿਸ਼ ਡੈਮੋਕਰੇਟਸ ਦੀ ਨੇਤਾ ਯੇਮੀ ਓਕੇਸਨ ਨੇ ਇਹ ਐਲਾਨ ਕੀਤਾ ਹੈ। ਹੁਣ ਤੱਕ ਇਹ ਪਾਰਟੀ ਨਾਟੋ ਵਿੱਚ ਸ਼ਾਮਲ ਹੋਣ ਦਾ ਵਿਰੋਧ ਕਰਦੀ ਰਹੀ ਹੈ। ਓਕੇਸਨ ਦਾ ਕਹਿਣਾ ਹੈ ਕਿ ਯੂਕ੍ਰੇਨ ਦੇ ਸੰਕਟ ਨੂੰ ਦੇਖਦੇ ਹੋਏ ਉਨ੍ਹਾਂ ਦਾ ਨਜ਼ਰੀਆ ਬਦਲ ਗਿਆ ਹੈ। ਯੂਕ੍ਰੇਨ ਫਿਲਹਾਲ ਨਾਟੋ ਦਾ ਮੈਂਬਰ ਨਾ ਹੋਣ ਕਾਰਨ ਇਕੱਲਾ ਰਹਿ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News