ਰੂਸ ਦਾ ਯੂਕ੍ਰੇਨ ’ਤੇ ਹਮਲਾ ਜਾਰੀ, 2 ਦੀ ਮੌਤ
Friday, Jul 11, 2025 - 12:23 AM (IST)

ਕੀਵ- ਰੂਸ ਨੇ ਯੂਕ੍ਰੇਨ ਦੀ ਰਾਜਧਾਨੀ ’ਤੇ ਵੀਰਵਾਰ ਰਾਤ ਨੂੰ ਵੱਡੇ ਪੈਮਾਨੇ ’ਤੇ ਮੁੜ ਤੋਂ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਜਿਸ ਨਾਲ ਸ਼ਹਿਰ ਦੇ ਕਈ ਇਲਾਕਿਆਂ ’ਚ ਅੱਗ ਲੱਗ ਜਾਣ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਕ ਦਿਨ ਪਹਿਲਾਂ ਵੀ ਰੂਸ ਨੇ ਯੂਕ੍ਰੇਨ ’ਤੇ ਹਵਾਈ ਹਮਲਾ ਕੀਤਾ ਸੀ। ਇਹ 3 ਸਾਲ ਚੱਲੀ ਜੰਗ ਦੌਰਾਨ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਹਮਲਾ ਸੀ।
ਕੀਵ ਖੇਤਰੀ ਪ੍ਰਸ਼ਾਸਨ ਦੇ ਮੁਖੀ ਤੈਮੂਰ ਤਕਾਚੇਂਕੋ ਨੇ ਕਿਹਾ ਕਿ ਘੱਟੋ-ਘੱਟ 13 ਲੋਕ ਜ਼ਖਮੀ ਹੋਏ ਹਨ ਅਤੇ ਘੱਟੋ-ਘੱਟ 5 ਹੋਰ ਜ਼ਿਲਿਆਂ ਵਿਚ ਰਿਹਾਇਸ਼ੀ ਇਮਾਰਤਾਂ, ਕਾਰਾਂ, ਗੋਦਾਮਾਂ, ਦਫ਼ਤਰਾਂ ਅਤੇ ਹੋਰ ਗੈਰ-ਰਿਹਾਇਸ਼ੀ ਢਾਂਚਿਆਂ ਨੂੰ ਅੱਗ ਲੱਗ ਗਈ। ਇਸ ਤੋਂ ਪਹਿਲਾਂ, ਯੂਕ੍ਰੇਨੀ ਹਵਾਈ ਫੌਜ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਸੀ ਕਿ ਰੂਸ ਨੇ ਮੰਗਲਵਾਰ ਰਾਤ ਨੂੰ 728 ‘ਸ਼ਾਹਿਦ’ ਅਤੇ ‘ਡੀਕੋਏ’ ਡਰੋਨਾਂ ਨਾਲ ਯੂਕ੍ਰੇਨ ’ਤੇ ਹਮਲਾ ਕੀਤਾ ਅਤੇ 13 ਮਿਜ਼ਾਈਲਾਂ ਦਾਗੀਆਂ।
ਅਮਰੀਕਾ ਪ੍ਰਸ਼ਾਸਨ ਨੇ ਯੂਕ੍ਰੇਨ ਨੂੰ ਕੁਝ ਹਥਿਆਰ ਭੇਜਣਾ ਮੁੜ ਸ਼ੁਰੂ ਕੀਤਾ
ਵਾਸ਼ਿੰਗਟਨ : ਅਮਰੀਕਾ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੇ ਯੂਕ੍ਰੇਨ ਨੂੰ ਕੁਝ ਹਥਿਆਰ ਭੇਜਣਾ ਮੁੜ ਸ਼ੁਰੂ ਕਰ ਦਿੱਤਾ ਹੈ। ਅਮਰੀਕੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਕਦਮ ਅਜਿਹੇ ਸਮੇਂ ਉਠਾਇਆ ਗਿਆ ਹੈ ਜਦੋਂ ਅਮਰੀਕੀ ਰੱਖਿਆ ਮੰਤਰਾਲਾ ਦੇ ਮੁੱਖ ਦਫਤਰ ਪੈਂਟਾਗਨ ਨੇ ਇਕ ਹਫ਼ਤਾ ਪਹਿਲਾਂ ਕਿਹਾ ਸੀ ਕਿ ਉਹ ਯੂਕ੍ਰੇਨ ਨੂੰ ਹਵਾਈ ਹਮਲਿਆਂ ਤੋਂ ਬਚਾਅ ਕਰਨ ਵਾਲੀਆਂ ਮਿਜ਼ਾਈਲਾਂ, ਸਟੀਕ ਨਿਸ਼ਾਨਾ ਲਗਾਉਣ ਵਾਲੀਆਂ ਤੋਪਾਂ ਵਰਗੇ ਕੁਝ ਹਥਿਆਰ ਭੇਜਣਾ ਫਿਲਹਾਲ ਬੰਦ ਕਰ ਰਿਹਾ ਹੈ। ਇਹ ਹੁਕਮ ਇਸ ਲਈ ਦਿੱਤਾ ਗਿਆ ਸੀ ਕਿਉਂਕਿ ਅਮਰੀਕਾ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਉਸਦੇ ਆਪਣੇ ਹਥਿਆਰਾਂ ਦਾ ਭੰਡਾਰ ਬਹੁਤ ਘੱਟ ਹੋ ਗਿਆ ਹੈ।
ਦੋ ਅਮਰੀਕੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਯੂਕ੍ਰੇਨ ਨੂੰ ਭੇਜੇ ਜਾ ਰਹੇ ਹਥਿਆਰਾਂ ਵਿਚ 155 ਐੱਮ. ਐੱਮ. ਗੋਲਾ-ਬਾਰੂਦ ਅਤੇ ਸਟੀਕ ਹਮਲਾ ਕਰਨ ਵਾਲੇ ਰਾਕੇਟ ਜੀ. ਐੱਮ. ਐੱਲ. ਆਰ. ਐੱਸ. (ਗਾਈਡੇਡ ਮਲਟੀਪਲ ਲਾਂਚ ਰਾਕੇਟ ਸਿਸਟਮ) ਸ਼ਾਮਲ ਹਨ।