ਆਸਟ੍ਰੇਲੀਆ ''ਚ ਕਰਵਾਇਆ ਗਿਆ ਰਗਬੀ ਮੈਚ,''ਇੰਡੀਆ ਕੈਟਜ਼'' ਟੀਮ ਰਹੀ ਜੇਤੂ

07/17/2019 10:00:45 AM

ਬ੍ਰਿਸਬੇਨ, ( ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆ ਦੀ ਹਰਮਨ ਪਿਆਰੀ ਖੇਡ ਰਗਬੀ ਨੂੰ ਭਾਰਤੀ ਭਾਈਚਾਰੇ 'ਚ ਪ੍ਰਫੁੱਲਿਤ ਕਰਨ ਹਿੱਤ 'ਨਵੋਕ ਫਿਊਚਰ ਲਰਨਿੰਗ' ਵਲੋਂ ਬਹੁਤ ਹੀ ਉਤਸ਼ਾਹ ਨਾਲ ਪਹਿਲੀ ਵਾਰ ਇੰਡੀਆ ਜੰਗਲ ਕੈਟਜ਼ ਅਤੇ ਕੋਲੰਬੀਆ ਦੀਆਂ ਟੀਮਾਂ ਵਿਚਕਾਰ ਅੰਤਰਰਾਸ਼ਟਰੀ ਰਗਬੀ ਮੈਚ, ਸੂਬਾ ਕੁਈਨਜ਼ਲੈਂਡ ਦੇ ਹਾਲੈਂਡ ਪਾਰਕ ਇਲਾਕੇ ਦੇ ਸਕਾਟ ਪਾਰਕ ਦੇ ਖੇਡ ਮੈਦਾਨ ਵਿਖੇ ਲੰਘੇ ਐਤਵਾਰ ਨੂੰ ਕਰਵਾਇਆ ਗਿਆ।

ਇਸ ਫਸਵੇਂ ਮੁਕਾਬਲੇ 'ਚ 'ਇੰਡੀਆ ਕੈਟਜ਼' 30-16 ਅੰਕਾਂ ਨਾਲ ਜੇਤੂ ਰਹੀ। ਇਹ ਜਾਣਕਾਰੀ ਵਾਲੀਰਾ ਡੈਲੀਗਾਡੋ, ਰਸ਼ਪਾਲ ਸਿੰਘ ਹੇਅਰ, ਸਤਪਾਲ ਸਿੰਘ ਕੂਨਰ, ਜਗਦੀਪ ਗਿੱਲ ਅਤੇ ਦਲਜੀਤ ਸਿੰਘ ਨੇ ਸਥਾਨਕ ਮੀਡੀਆ ਨਾਲ ਸਾਂਝੀ ਕੀਤੀ ਅਤੇ ਦੱਸਿਆ ਕਿ ਇਸ ਵਿਲੱਖਣ ਮੈਚ ਲਈ ਸਥਾਨਕ ਭਾਈਚਾਰਿਆਂ 'ਚ ਉਤਸ਼ਾਹ ਵੇਖਣ ਵਾਲਾ ਸੀ। ਉਨ੍ਹਾਂ ਕਿਹਾ ਕਿ ਮੈਚ ਦੌਰਾਨ ਪੰਜਾਬੀ ਗੱਭਰੂਆਂ ਦੇ ਭੰਗੜੇ ਨੇ ਮਾਹੌਲ ਨੂੰ ਹੋਰ ਵੀ ਗਰਮਾਇਆ। 

ਰਸ਼ਪਾਲ ਸਿੰਘ ਹੇਅਰ ਦੀ ਸਰਪ੍ਰਸਤੀ 'ਚ ਸਮੁੱਚੀ ਇੰਡੋਜ਼ ਟੀ.ਵੀ. ਟੀਮ ਵਲੋਂ ਭਵਿੱਖ ਵਿੱਚ ਰਗਬੀ ਲੀਗ ਖੇਡ ਨੂੰ ਭਾਰਤ ਵਿੱਚ ਵੀ ਵੱਡੇ ਪੱਧਰ 'ਤੇ ਉਤਸ਼ਾਹਤ ਕਰਨ ਲਈ ਵਚਨਬੱਧਤਾ ਦਿਖਾਈ, ਤਾਂਕਿ, ਖੇਡਾਂ ਦੇ ਜ਼ਰੀਏ ਦੋਹਾਂ ਮੁਲਕਾਂ ਦੇ ਭਾਈਚਾਰਿਆਂ ਨੂੰ ਹੋਰ ਲਾਗੇ ਲਿਆਂਦਾ ਜਾ ਸਕੇ। ਉਨ੍ਹਾਂ ਭਾਰਤੀ ਭਾਈਚਾਰੇ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਹੋਰਾਂ ਖੇਡਾਂ ਵਾਂਗ ਇਸ ਖੇਡ ਪ੍ਰਤੀ ਵੀ ਲਾਗੇ ਲਿਆਉਣ। ਪ੍ਰਬੰਧਕਾਂ ਵਲੋਂ ਸਥਾਨਕ ਕਮਿਊਨਟੀ ਰੇਡੀਓ ਫੋਰ ਈਬੀ 98.1 ਐੱਫ ਐੱਮ ਅਤੇ ਪੰਜਾਬੀ ਭਾਸ਼ਾ ਗਰੁੱਪ ਦੀਆਂ ਸੇਵਾਵਾਂ ਲਈ ਧੰਨਵਾਦ ਕੀਤਾ ਗਿਆ।


Related News