ਮਿਆਂਮਾਰ ਦੇ ਫੌਜ ਮੁਖੀ ਨੇ ਸੰਯੁਕਤ ਰਾਸ਼ਟਰ ਦੇ ਵਫਦ ਨੂੰ ਦਿੱਤੀ ਫੌਜ ਦੀ ਸਫਾਈ

Tuesday, May 01, 2018 - 03:49 PM (IST)

ਯਾਂਗੂਨ— ਮਿਆਂਮਾਰ ਦੇ ਫੌਜ ਮੁਖੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਦੀ ਫੌਜ ਨੇ ਰੋਹਿੰਗਿਆ ਮੁਸਲਮਾਨਾਂ 'ਤੇ ਕਾਰਵਾਈ ਦੌਰਾਨ ਬਲਾਤਕਾਰ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਸੀ। ਫੌਜ ਮੁਖੀ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਵਫਦ ਨੂੰ ਰਾਜਧਾਨੀ ਨਾਈਪੇਆਦਾਵ 'ਚ ਸੰਬੋਧਿਤ ਕਰ ਰਹੇ ਸਨ। ਸੀਨੀਅਰ ਜਨਰਲ ਮਿਨ ਆਂਗ ਹਲੈਂਗ ਉਸ ਫੌਜ ਦੇ ਮੁਖੀ ਹਨ, ਜਿਸ 'ਤੇ ਸੰਯੁਕਤ ਰਾਸ਼ਟਰ ਨੇ ਬਲਾਤਕਾਰ ਅਤੇ ਗੈਰ-ਫੌਜੀਆਂ ਦੇ ਕਤਲ ਕਰਨ ਸਮੇਤ ਨਸਲੀ ਸਫਾਏ ਦਾ ਦੋਸ਼ ਲਾਇਆ ਹੈ। ਅਗਸਤ 2017 'ਚ ਸ਼ੁਰੂ ਹੋਈ ਰੋਹਿੰਗਿਆ ਵਿਰੋਧੀ ਮੁਹਿੰਮ ਵਿਚ ਉਨ੍ਹਾਂ ਦੇ ਪਿੰਡ ਸਾੜ ਦਿੱਤੇ ਗਏ ਅਤੇ ਅੱਤਿਆਚਾਰ ਕੀਤੇ ਗਏ। ਜਿਸ ਕਾਰਨ ਕਰੀਬ 7 ਲੱਖ ਰੋਹਿੰਗਿਆ ਮੁਸਲਮਾਨ ਨੂੰ ਬੰਗਲਾਦੇਸ਼ ਵਿਚ ਸ਼ਰਨ ਲੈਣੀ ਪਈ।
ਸੰਕਟ ਦੇ ਕਈ ਮਹੀਨੇ ਬੀਤਣ ਤੋਂ ਬਾਅਦ ਵੀ ਸੰਯੁਕਤ ਰਾਸ਼ਟਰ ਨੁਮਾਇੰਦਿਆਂ ਨੂੰ ਮਿਆਂਮਾਰ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਅਜਿਹੇ ਵਿਚ ਸੁਰੱਖਿਆ ਪਰੀਸ਼ਦ ਦੇ ਵਫਦ ਦਾ ਇਹ ਪਹਿਲਾ ਦੌਰਾ ਹੈ, ਜਿਸ ਵਿਚ ਉਹ ਰੋਹਿੰਗਿਆ ਦੀ ਸਨਮਾਨਜਨਕ ਅਤੇ ਸੁਰੱਖਿਆ ਵਾਪਸੀ ਲਈ ਦਬਾਅ ਬਣਾਉਣਗੇ। ਕੱਲ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਵਫਦ ਨੇ ਮਿਆਂਮਾਰ 'ਚ ਫੌਜ ਮੁਖੀ ਨਾਲ ਮੁਲਾਕਾਤ ਕੀਤੀ। ਦੇਸ਼ ਦੇ ਸਾਰੇ ਸੁਰੱਖਿਆ ਮਾਮਲਿਆਂ ਦਾ ਕੰਟਰੋਲ ਉਨ੍ਹਾਂ ਦੇ ਹੱਥਾਂ ਵਿਚ ਹੈ, ਚੁਣੀ ਹੋਈ ਸਰਕਾਰ ਦਾ ਇਸ 'ਚ ਦਖਲ ਨਹੀਂ ਹੈ।
ਬੰਗਲਾਦੇਸ਼ ਵਿਚ ਰੋਹਿੰਗਿਆ ਔਰਤਾਂ ਅਤੇ ਲੜਕੀਆਂ ਨੇ ਯੌਨ ਸ਼ੋਸ਼ਣ ਦੇ ਦੋਸ਼ ਲਾਏ ਹਨ ਪਰ ਫੌਜ ਮੁਖੀ ਨੇ ਕਿਹਾ ਕਿ ਉਨ੍ਹਾਂ ਦੇ ਫੌਜੀਆਂ ਦਾ ਯੌਨ ਸ਼ੋਸ਼ਣ ਦਾ ਕੋਈ ਇਤਿਹਾਸ ਨਹੀਂ ਹੈ। ਜੋ ਵੀ ਅਜਿਹੇ ਅਪਰਾਧਾਂ ਦਾ ਦੋਸ਼ੀ ਪਾਇਆ ਜਾਵੇਗਾ, ਉਸ ਨੂੰ ਸਜ਼ਾ ਜ਼ਰੂਰ ਮਿਲੇਗੀ।


Related News