ਪਾਕਿਸਤਾਨ ਦੇ ਫਰਜ਼ੀ ਕਾਲ ਸੈਂਟਰ ’ਚ ਲੁੱਟ, ਕੰਪਿਊਟਰ ਤੇ ਲੈਪਟਾਪ ਲੈ ਕੇ ਭੱਜੇ ਲੋਕ
Wednesday, Mar 19, 2025 - 02:35 AM (IST)

ਇਸਲਾਮਾਬਾਦ - ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਚੱਲ ਰਹੇ ਇਕ ਫਰਜ਼ੀ ਕਾਲ ਸੈਂਟਰ ’ਚ ਲੋਕਾਂ ਨੇ ਦਾਖਲ ਹੋ ਕੇ ਕੰਪਿਊਟਰ ਅਤੇ ਲੈਪਟਾਪ ਲੁੱਟ ਲਏ। ਇਹ ਘਟਨਾ 15 ਮਾਰਚ ਦੀ ਹੈ। ਪਾਕਿਸਤਾਨ ਦੀ ਜਾਂਚ ਏਜੰਸੀ ਐੱਫ. ਆਈ. ਏ. ਨੇ ਫਰਜ਼ੀ ਕਾਲ ਸੈਂਟਰ ’ਤੇ ਰੇਡ ਮਾਰੀ ਸੀ। ਰੇਡ ਤੋਂ ਬਾਅਦ ਕਾਲ ਸੈਂਟਰ ’ਚ ਲੋਕ ਦਾਖਲ ਹੋ ਗਏ ਅਤੇ ਉਨ੍ਹਾਂ ਕੀਮਤੀ ਸਾਮਾਨ ਲੁੱਟ ਲਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ’ਚ ਕਈ ਲੋਕ ਕਾਲ ਸੈਂਟਰ ਤੋਂ ਕੰਪਿਊਟਰ ਅਤੇ ਲੈਪਟਾਪ ਲੈ ਕੇ ਭੱਜਦੇ ਦਿਖਾਈ ਦੇ ਰਹੇ ਹਨ। ਹਾਲਾਂਕਿ ਵੀਡੀਓ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਇਸ ਕਾਲ ਸੈਂਟਰ ’ਤੇ ਧੋਖਾਦੇਹੀ ਦਾ ਕਾਰੋਬਾਰ ਚਲਾਉਣ ਦਾ ਦੋਸ਼ ਸੀ, ਜਿਸ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਇਸਦੀ ਜਾਂਚ ਚੱਲ ਰਹੀ ਸੀ। ਇਸ ਤੋਂ ਬਾਅਦ ਐੱਫ. ਆਈ. ਏ. (ਫੈੱਡਰਲ ਇਨਵੈਸਟੀਗੇਸ਼ਨ ਏਜੰਸੀ) ਦੇ ਸਾਈਬਰ ਸੈੱਲ ਨੇ ਕਾਲ ਸੈਂਟਰ ’ਤੇ ਛਾਪੇਮਾਰੀ ਕੀਤੀ ਸੀ। ਇਸ ’ਚ 24 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ’ਚ ਕਈ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ, ਜਦੋਂ ਕਿ ਕਈ ਭੱਜਣ ’ਚ ਕਾਮਯਾਬ ਰਹੇ।