ਕੁਈਨਜ਼ਲੈਂਡ ''ਚ ਮੋਹਲੇਧਾਰ ਮੀਂਹ ਅਤੇ ਹੜ੍ਹਾਂ ਦੀ ਚਿਤਾਵਨੀ ਜਾਰੀ
Wednesday, May 11, 2022 - 01:16 PM (IST)
ਪਰਥ (ਪਿਆਰਾ ਸਿੰਘ ਨਾਭਾ) - ਕੁਈਨਜ਼ਲੈਂਡ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੋਹਲੇਧਾਰ ਮੀਂਹ ਦੇ ਚਲਦਿਆਂ ਹੜ੍ਹਾਂ ਦੇ ਹਾਲਾਤਾਂ ਦਾ ਮੁੜ ਤੋਂ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਨੇ ਇਸ ਦੀ ਚਿਤਾਵਨੀ ਜਾਰੀ ਕੀਤੀ ਹੈ। ਬੀਤੀ ਰਾਤ ਹੀ ਰਾਜ ਦੇ ਉੱਤਰ-ਪੱਛਮੀ ਖੇਤਰ ਵਿਚਲੇ ਮਾਊਂਟ ਈਸਾ ਵਿੱਚੋਂ ਇੱਕ 20 ਸਾਲ ਦੇ ਵਿਅਕਤੀ ਨੂੰ ਹੜ੍ਹ ਦੇ ਪਾਣੀ ਵਿਚੋਂ ਬਚਾਇਆ ਗਿਆ ਹੈ। ਉਕਤ ਵਿਅਕਤੀ ਨੂੰ ਮਾਊਂਟ ਈਸਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਕਿ ਉਸ ਨੂੰ ਹਾਈਪੋਥਰਮੀਆ (ਸਰੀਰਿਕ ਤਾਪਮਾਨ ਦਾ ਘੱਟ ਜਾਣਾ) ਨਾਲ ਪੀੜਿਤ ਐਲਾਨਿਆ ਗਿਆ ਹੈ ਪਰੰਤੂ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ।
ਜ਼ਿਆਦਾਤਰ ਚਿਤਾਵਨੀਆਂ ਰਾਜ ਦੇ ਮੱਧ ਅਤੇ ਉੱਤਰੀ ਖੇਤਰ ਵਿੱਚ ਜਾਰੀ ਕੀਤੀਆਂ ਜਾ ਰਹੀਆਂ ਹਨ। ਲਾਂਗਰੀਚ ਖੇਤਰ ਵਿੱਚ 8.4 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ। ਮਾਊਂਟ ਈਸਾ ਵਿੱਚ 11.2 ਮਿਲੀਮੀਟਰ, ਟਾਊਨਜ਼ਵਿਲਾ ਵਿਖੇ 12.4 ਮਿਲੀਮੀਟਰ, ਜਦੋਂ ਕਿ ਸਨਸ਼ਾਈਨ ਕੋਸਟ ਵਿੱਖੇ ਸਭ ਤੋਂ ਜ਼ਿਆਦਾ 36.6 ਮਿਲੀਮੀਟਰ ਮੀਂਹ ਦਰਜ ਹੋਇਆ ਹੈ।