ਕੈਨੇਡਾ ''ਚ ਮਿਲੀ 17 ਫੁੱਟ ਲੰਬੀ ਤੇ 1600 ਕਿਲੋ ਭਾਰ ਵਾਲੀ ਸ਼ਾਰਕ, ਦੇਖਣ ਵਾਲੇ ਹੋਏ ਹੈਰਾਨ

10/07/2020 5:51:19 PM

ਨੋਵਾ ਸਕੋਸ਼ੀਆ- ਕੈਨੇਡਾ ਵਿਚ ਵਿਗਿਆਨੀਆਂ ਨੇ ਉੱਤਰੀ ਅਟਲਾਂਟਿਕ ਮਹਾਸਾਗਰ ਵਿਚੋਂ 17 ਫੁੱਟ ਲੰਮੀ ਸ਼ਾਰਕ ਨੂੰ ਫੜਿਆ ਹੈ, ਜਿਸ ਦਾ ਭਾਰ 1600 ਕਿਲੋ ਤੋਂ ਵੱਧ ਹੈ। ਇਕ ਗੈਰ-ਲਾਭਕਾਰੀ ਸੰਗਠਨ ਨੇ 4 ਹਫਤਿਆਂ ਦੇ ਮਿਸ਼ਨ ਮਗਰੋਂ ਇਸ ਨੂੰ ਲੱਭਿਆ ਹੈ। ਇਸ ਨਾਲ ਹੁਣ ਜੀਵਾਂ ਦਾ ਅਧਿਐਨ ਕਰਨ ਦਾ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਦੀ ਲੰਬਾਈ ਦੇਖਣ ਤੋਂ ਬਾਅਦ ਕਿਸ਼ਤੀ ਵਿਚ ਸਵਾਰ ਲੋਕ ਵੀ ਹੈਰਾਨ ਰਹਿ ਗਏ। 

ਵਿਗਿਆਨੀਆਂ ਨੇ ਸ਼ਾਰਕ ਦੀ ਲੰਬਾਈ ਅਤੇ ਭਾਰ ਮਾਪਣ ਤੋਂ ਬਾਅਦ ਉਸ 'ਤੇ ਟੈਗ ਲਾ ਕੇ ਸਮੁੰਦਰ ਵਿਚ ਛੱਡ ਦਿੱਤਾ। ਵਿਗਿਆਨੀਆਂ ਨੇ ਇਸ ਸ਼ਾਰਕ ਨੂੰ 'ਕੁਈਨ ਆਫ ਓਸ਼ਨ' ਭਾਵ ਸਮੁੰਦਰ ਦੀ ਰਾਣੀ ਕਰਾਰ ਦਿੱਤਾ ਹੈ। ਟੈਗ ਦੀ ਮਦਦ ਨਾਲ ਇਸ ਸ਼ਾਰਕ ਦੀ ਸਰਗਰਮੀਆਂ ਨੂੰ ਵਿਗਿਆਨੀ ਟਰੈਕ ਕਰਨਗੇ। ਰਿਪੋਰਟ ਅਨੁਸਾਰ ਇਸ ਸ਼ਾਰਕ ਨੂੰ ਗੈਰ ਲਾਭਕਾਰੀ ਸੰਗਠਨ ਟੀਮ ਨੇ ਕੈਨੇਡਾ ਦੇ ਨੋਵਾ ਸਕੋਸ਼ੀਆ ਟਾਪੂ ਦੇ ਕੋਲੋਂ ਫੜਿਆ। ਉਨ੍ਹਾਂ ਕਿਹਾ ਕਿ ਇਸ ਸ਼ਾਰਕ ਨੂੰ ਨੁਕੁਮੀ ਨਾਂ ਦਿੱਤਾ ਗਿਆ ਹੈ। ਇਸ ਮੁਹਿੰਮ ਦੀ ਅਗਵਾਈ ਕਰ ਰਹੇ ਕ੍ਰਿਸ ਫਿਸ਼ਰ ਨੇ ਕਿਹਾ ਕਿ ਇਹ ਅਸਲ ਵਿਚ ਬਹੁਤ ਸ਼ਾਂਤ ਸ਼ਾਰਕ ਸੀ।

ਸ਼ਾਰਕ ਦੀ ਲੰਬਾਈ ਮਾਪਣ ਤੋਂ ਬਾਅਦ ਟੀਮ ਨੇ ਦੱਸਿਆ ਕਿ ਇਸ ਦੀ ਉਮਰ ਲਗਪਗ 50 ਸਾਲ ਹੈ। ਉਨ੍ਹਾਂ ਦੀ ਟੀਮ ਪੂਰੀ ਦੁਨੀਆ ਵਿਚ ਸਮੁੰਦਰੀ ਜੀਵਾਂ ਨੂੰ ਬਚਾਉਣ ਦੇ ਲਈ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਨੇ ਸ਼ਾਰਕ ਨੂੰ ਛੱਡਣ ਤੋਂ ਪਹਿਲਾਂ ਉਸ ਦੇ ਕਈ ਨਮੂਨੇ ਵੀ ਲਏ, ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ਇਸ ਜੀਵ ਬਾਰੇ ਵਿਚ ਬਹੁਤ ਕੁਝ ਪਤਾ ਕੀਤਾ ਜਾ ਸਕੇਗਾ। 

ਉਸ ਦੇ ਸਰੀਰ 'ਤੇ ਲੱਗੇ ਟੈਗ ਵਿਗਿਆਨਕਾਂ ਨੂੰ ਅਗਲੇ 5 ਸਾਲ ਤੱਕ ਡਾਟਾ ਦਿੰਦੇ ਰਹਿਣਗੇ। ਵਰਤਮਾਨ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਬਣਾ ਰਹੇ ਕਈ ਨਿਰਮਾਤਾ ਸ਼ਾਰਕ ਦੇ ਤੇਲ ਦੀ ਵਰਤੋਂ ਆਪਣੀ ਦਵਾਈ ਨੂੰ ਪ੍ਰਭਾਵੀ ਬਣਾਉਣ ਦੇ ਲਈ ਕਰ ਰਹੇ ਹਨ। ਹਾਲਾਂਕਿ ਅਜੇ ਤੱਕ ਸ਼ਾਰਕ ਦੇ ਤੇਲ ਤੋਂ ਬਣਨ ਵਾਲੀ ਵੈਕਸੀਨ ਦੇ ਪ੍ਰਭਾਵੀ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ। ਫਿਰ ਵੀ ਜੇਕਰ ਇਸ ਟੀਕੇ ਨੂੰ ਦੁਨੀਆ ਭਰ ਦੇ ਲੋਕਾਂ ਨੂੰ ਦਿੱਤਾ ਗਿਆ ਤਾਂ 2,40,000 ਸ਼ਾਰਕ ਨੂੰ ਮਾਰਿਆ ਜਾ ਸਕਦਾ ਹੈ।


Lalita Mam

Content Editor

Related News