QUAD ਦੇਸ਼ਾਂ ਨੇ ਪਾਕਿਸਤਾਨ ਨੂੰ ਸੁਣਾਈ ਖਰੀ-ਖਰੀ, ਪਹਿਲਗਾਮ ਹਮਲੇ ਦੀ ਕੀਤੀ ਨਿੰਦਾ
Wednesday, Jul 02, 2025 - 09:17 AM (IST)

ਵਾਸ਼ਿੰਗਟਨ: ਭਾਰਤ, ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਨਾਲ ਮਿਲ ਕੇ ਬਣਿਆ ਕਵਾਡ ਇੱਕ ਵੱਡੇ ਸਮੂਹ ਵਜੋਂ ਉਭਰਿਆ ਹੈ, ਜੋ ਮੁੱਖ ਤੌਰ 'ਤੇ ਇੰਡੋ-ਪੈਸੀਫਿਕ ਖੇਤਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ 'ਤੇ ਕੇਂਦ੍ਰਿਤ ਹੈ। ਹਾਲ ਹੀ ਵਿਚ ਕਵਾਡ ਵਿੱਚ ਸ਼ਾਮਲ ਦੇਸ਼ਾਂ ਨੇ ਪਾਕਿਸਤਾਨ ਨੂੰ ਖਰੀ-ਖਰੀ ਸੁਣਾਉਂਦੇ ਹੋਏ ਪਹਿਲਗਾਮ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਇਸ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਅਤੇ ਵਿੱਤਦਾਤਾਵਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ 'ਤੇ ਜ਼ੋਰ ਦਿੱਤਾ ਹੈ। ਇਹ ਗੱਲ ਕਵਾਡ ਦੇ ਵਿਦੇਸ਼ ਮੰਤਰੀਆਂ ਮਤਲਬ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਜਾਪਾਨੀ ਵਿਦੇਸ਼ ਮੰਤਰੀ ਤਾਕੇਸ਼ੀ ਇਵਾਯਾ ਅਤੇ ਆਸਟ੍ਰੇਲੀਆਈ ਵਿਦੇਸ਼ ਮੰਤਰੀ ਪੈਨੀ ਵੋਂਗ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਸਪੱਸ਼ਟ ਤੌਰ 'ਤੇ ਕਹੀ ਗਈ ਹੈ।
ਕਵਾਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਆਪਣੀ ਮੀਟਿੰਗ ਵਿੱਚ ਅੱਤਵਾਦ ਵਿਰੋਧੀ ਸਹਿਯੋਗ 'ਤੇ ਵਿਸ਼ੇਸ਼ ਧਿਆਨ ਦੇਣ 'ਤੇ ਜ਼ੋਰ ਦਿੱਤਾ ਹੈ। ਇਸ ਦੌਰਾਨ ਜੈਸ਼ੰਕਰ ਨੇ ਅੱਤਵਾਦ ਦੀ ਨਿੰਦਾ ਕੀਤੀ ਅਤੇ ਭਾਰਤ ਦੇ ਹਾਲੀਆ ਅੱਤਵਾਦ ਵਿਰੋਧੀ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ਦੇ ਪੀੜਤਾਂ ਅਤੇ ਦੋਸ਼ੀਆਂ ਨਾਲ ਕਦੇ ਵੀ ਇੱਕੋ ਜਿਹਾ ਵਿਵਹਾਰ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਭਾਰਤ ਨੂੰ ਆਪਣੇ ਲੋਕਾਂ ਨੂੰ ਅੱਤਵਾਦੀ ਹਮਲਿਆਂ ਤੋਂ ਬਚਾਉਣ ਦਾ ਪੂਰਾ ਅਧਿਕਾਰ ਹੈ। ਇਸ ਵਿੱਚ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਕੀਤਾ ਗਿਆ ਆਪ੍ਰੇਸ਼ਨ ਸਿੰਦੂਰ ਵੀ ਸ਼ਾਮਲ ਹੈ। 22 ਅਪ੍ਰੈਲ ਨੂੰ ਅੱਤਵਾਦੀਆਂ ਨੇ ਕਸ਼ਮੀਰ ਦੇ ਪਹਿਲਗਾਮ 'ਤੇ ਹਮਲਾ ਕੀਤਾ ਅਤੇ 26 ਲੋਕਾਂ ਨੂੰ ਮਾਰ ਦਿੱਤਾ। ਇਸ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲੇ ਕੀਤੇ।
ਪੜ੍ਹੋ ਇਹ ਅਹਿਮ ਖ਼ਬਰ-Canada ਬਦਲਣ ਜਾ ਰਿਹੈ PR ਨਿਯਮ, ਜਾਣੋ ਭਾਰਤੀਆਂ 'ਤੇ ਅਸਰ
ਕਵਾਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ, 'ਅਸੀਂ 22 ਅਪ੍ਰੈਲ, 2025 ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ, ਜਿਸ ਵਿੱਚ 25 ਭਾਰਤੀ ਨਾਗਰਿਕਾਂ ਅਤੇ ਇੱਕ ਨੇਪਾਲੀ ਨਾਗਰਿਕ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ। ਅਸੀਂ ਇਸ ਨਿੰਦਣਯੋਗ ਕਾਰਵਾਈ ਦੇ ਦੋਸ਼ੀਆਂ, ਪ੍ਰਬੰਧਕਾਂ ਅਤੇ ਵਿੱਤਦਾਤਾਵਾਂ ਨੂੰ ਬਿਨਾਂ ਕਿਸੇ ਦੇਰੀ ਦੇ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੀ ਮੰਗ ਕਰਦੇ ਹਾਂ। ਅਸੀਂ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਵੀ ਪ੍ਰਗਟ ਕਰਦੇ ਹਾਂ ਅਤੇ ਸਾਰੇ ਜ਼ਖਮੀਆਂ ਦੀ ਜਲਦੀ ਅਤੇ ਪੂਰੀ ਸਿਹਤਯਾਬੀ ਦੀ ਦਿਲੋਂ ਕਾਮਨਾ ਕਰਦੇ ਹਾਂ।'
ਕਵਾਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਚੀਨ ਤੋਂ ਖਤਰੇ ਵੱਲ ਇਸ਼ਾਰਾ ਕਰਦੇ ਹੋਏ ਹਿੰਦ-ਪ੍ਰਸ਼ਾਂਤ ਦੀ ਸੁਰੱਖਿਆ ਲਈ ਇੱਕ ਮਤਾ ਲਿਆ ਗਿਆ। ਕਵਾਡ ਦੇਸ਼ਾਂ ਨੇ ਦੁਹਰਾਇਆ ਕਿ ਅੰਤਰਰਾਸ਼ਟਰੀ ਕਾਨੂੰਨ ਅਤੇ ਸਮੁੰਦਰਾਂ ਦੀ ਆਜ਼ਾਦੀ ਨੂੰ ਬਣਾਈ ਰੱਖਣਾ ਜ਼ਰੂਰੀ ਹੈ। ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਸੀਂ ਖੇਤਰ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਆਪਣੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੇ ਹਾਂ। ਸਮੁੰਦਰ ਵਿੱਚ ਸ਼ਾਂਤੀ ਸਾਰਿਆਂ ਲਈ ਖੁਸ਼ਹਾਲੀ ਯਕੀਨੀ ਬਣਾਉਂਦੀ ਹੈ। ਅਜਿਹੀ ਸਥਿਤੀ ਵਿੱਚ ਕਿਸੇ ਵੀ ਦੇਸ਼ ਨੂੰ ਜ਼ਬਰਦਸਤੀ ਰੇਖਾਵਾਂ ਨੂੰ ਦੁਬਾਰਾ ਖਿੱਚਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।