ਕਤਰ ''ਚ ਗਰਮੀ ਦਾ ਕਹਿਰ, ਰਾਹਤ ਲਈ ਬਜ਼ਾਰਾਂ ''ਚ ਲਗਾਏ ਗਏ ਏ.ਸੀ.

10/20/2019 12:30:46 PM

ਦੋਹਾ (ਬਿਊਰੋ)— ਜਲਵਾਯੂ ਤਬਦੀਲੀ ਨਾਲ ਪੂਰੀ ਦੁਨੀਆ ਪ੍ਰਭਾਵਿਤ ਹੋ ਰਹੀ ਹੈ। ਇਸ ਦੌਰਾਨ ਕਤਰ ਵਿਚ ਭਿਆਨਕ ਗਰਮੀ ਪੈ ਰਹੀ ਹੈ। ਇੱਥੇ ਤਾਪਮਾਨ 46 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਚੁੱਕਾ ਹੈ। ਇਸ ਭਿਆਨਕ ਗਰਮੀ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਨਵੀਆਂ ਸਕੀਮਾਂ ਅਪਨਾ ਰਹੀ ਹੈ। ਫਾਰਸ ਦੀ ਖਾੜੀ ਵਿਚ ਸਥਿਤ ਇਸ ਦੇਸ਼ ਦੀ ਰਾਜਧਾਨੀ ਦੋਹਾ ਵਿਚ ਜਨਤਕ ਸਥਾਨਾਂ, ਬਜ਼ਾਰਾਂ ਅਤੇ ਖਾਣ-ਪੀਣ ਦੀਆਂ ਥਾਵਾਂ 'ਤੇ ਏ.ਸੀ. ਲਗਾਏ ਜਾ ਰਹੇ ਹਨ। ਇਸ ਦੇ ਨਾਲ ਹੀ ਤਾਪਮਾਨ ਘੱਟ ਕਰਨ ਲਈ ਸੜਕਾਂ 'ਤੇ ਬਲੂ ਕੋਟਿੰਗ ਕੀਤੀ ਗਈ ਹੈ। ਦੋਹਾ ਵਿਚ ਤਾਪਮਾਨ ਵੱਧਣ ਕਾਰਨ ਆਊਟਡੋਰ ਸ਼ਾਪਿੰਗ ਮਾਲਜ਼ ਵਿਚ ਵੱਡੇ-ਵੱਡੇ ਕੂਲਰ ਅਤੇ ਏ.ਸੀ. ਲਗਾਏ ਗਏ ਹਨ।

PunjabKesari

ਮਾਹਰਾਂ ਮੁਤਾਬਕ ਸੜਕਾਂ ਦੀ ਬਲੂ ਕੋਟਿੰਗ ਨਾਲ ਸ਼ਹਿਰ ਦਾ ਤਾਪਮਾਨ ਘੱਟ ਹੋਵੇਗਾ। ਇਹ ਰੰਗ ਕਾਲੇ ਰੰਗ ਦੇ ਮੁਕਾਬਲੇ ਘੱਟ ਗਰਮੀ ਸੋਖਦਾ ਹੈ। ਇਸ ਨਾਲ ਲੰਬੇ ਸਮੇਂ ਤੱਕ ਠੰਡਕ ਰਹਿੰਦੀ ਹੈ। ਇਸ ਵਿਚ ਵਿਸ਼ੇਸ਼ ਹੀਟ-ਰਿਫਲੈਕਟਿੰਗ ਪਿਗਮੈਂਟ ਵੀ ਮਿਲਾਇਆ ਗਿਆ ਹੈ। ਦੋਹਾ ਵਿਚ ਸਭ ਤੋਂ ਵੱਡੀ ਮਾਰਕੀਟ ਨੇੜੇ ਅਬਦੁੱਲਾ ਬਿਨ ਜਾਸਿਮ ਸਟ੍ਰੀਟ ਦੀ 250 ਮੀਟਰ ਲੰਬੀ ਸੜਕ 'ਤੇ ਇਕ ਮਿਲੀਮੀਟਰ ਮੋਟੀ ਨੀਲੇ ਰੰਗ ਦੀ ਪਰਤ ਵਿਛਾਈ ਗਈ ਹੈ। ਇੰਜੀਨੀਅਰ ਸਾਦ ਅਲ-ਡੋਸਾਰੀ ਮੁਤਾਬਕ ਡਾਮਰ ਦਾ ਤਾਪਮਾਨ ਅਸਲੀ ਤਾਪਮਾਨ ਤੋਂ 20 ਡਿਗਰੀ ਜ਼ਿਆਦਾ ਰਹਿੰਦਾ ਹੈ ਕਿਉਂਕਿ ਕਾਲਾ ਰੰਗ ਤਾਪ ਨੂੰ ਆਕਰਸ਼ਿਤ ਅਤੇ ਪ੍ਰਸਾਰਿਤ ਕਰਦਾ ਹੈ। 

PunjabKesari

ਇਹੀ ਨਹੀਂ ਠੰਡੀ ਹਵਾ ਦੇ ਵਹਾਅ ਨੂੰ ਬਣਾਈ ਰੱਖਣ ਲਈ ਇੱਥੇ ਜ਼ਿਆਦਾਤਰ ਰਸਤੇ ਅਤੇ ਗਲੀਆਂ ਉੱਤਰ ਦਿਸ਼ਾ ਦੇ ਮੂੰਹ ਵੱਲ ਬਣਾਈਆਂ ਜਾ ਰਹੀਆਂ ਹਨ। ਮਾਹਰਾਂ ਮੁਤਾਬਕ ਜਨਤਕ ਸਥਾਨਾਂ 'ਤੇ ਸੈਂਕੜੇ ਦੀ ਗਿਣਤੀ ਨਾਲ ਏ.ਸੀ. ਲਗਾਉਣ ਨਾਲ ਕਾਰਬਨ ਨਿਕਾਸੀ ਅਤੇ ਗਲੋਬਲ ਵਾਰਮਿੰਗ ਦਾ ਖਤਰਾ ਵੱਧ ਸਕਦਾ ਹੈ। ਇੱਥੇ ਦੱਸ ਦਈਏ ਕਿ ਕਤਰ ਦੁਨੀਆ ਵਿਚ ਸਭ ਤੋਂ ਵੱਧ ਕਾਰਬਨ ਨਿਕਾਸੀ ਕਰਨ ਵਾਲਾ ਦੇਸ਼ ਹੈ। ਇਹ ਅਮਰੀਕਾ ਦੀ ਤੁਲਨਾ ਵਿਚ 3 ਗੁਣਾ ਜ਼ਿਆਦਾ ਅਤੇ ਚੀਨ ਤੋਂ 6 ਗੁਣਾ ਤੱਕ ਵੱਧ ਕਾਰਬਨ ਨਿਕਾਸੀ ਕਰਦਾ ਹੈ। ਦੋਹਾ ਵਿਚ ਇੰਨੀ ਗਰਮੀ ਇਸ ਲਈ ਵੀ ਹੈ ਕਿਉਂਕਿ ਇਹ ਫਾਰਸ ਦੀ ਖਾੜੀ ਵਿਚ ਪ੍ਰਾਇਦੀਪ 'ਤੇ ਹੈ। ਇੱਥੇ ਪਾਣੀ ਦੀ ਸਤਹਿ ਦਾ ਤਾਪਮਾਨ 32 ਡਿਗਰੀ ਦੇ ਨੇੜੇ ਹੁੰਦਾ ਹੈ। ਇਸ ਨਾਲ ਸ਼ਹਿਰ ਦਾ ਤਾਪਮਾਨ 46 ਡਿਗਰੀਰ ਤੱਕ ਪਹੁੰਚ ਜਾਂਦਾ ਹੈ। ਸਮੁੰਦਰ ਦਾ ਤਾਪਮਾਨ ਵੱਧਣ ਵਾਲ ਇੱਥੇ ਨਮੀ ਵੀ ਵੱਧ ਜਾਂਦੀ ਹੈ।


Vandana

Content Editor

Related News