ਸੋਮਵਾਰ ਨੂੰ ਪੁਤਿਨ ਅਤੇ ਤੁਰਕੀ ਦੇ ਰਾਸ਼ਟਰਪਤੀ ਏਰਦੋਗਨ ਵਿਚਕਾਰ ਹੋਵੇਗੀ ਮੁਲਾਕਾਤ
Friday, Sep 01, 2023 - 05:22 PM (IST)

ਮਾਸਕੋ (ਭਾਸ਼ਾ) : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸੋਮਵਾਰ ਨੂੰ ਸੋਚੀ ਦੇ ਕਾਲਾ ਸਾਗਰ ਰਿਜ਼ੋਰਟ ‘ਚ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨਾਲ ਮੁਲਾਕਾਤ ਕਰਨਗੇ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦੋਹਾਂ ਨੇਤਾਵਾਂ ਵਿਚਾਲੇ ਮੁਲਾਕਾਤ ਦੇ ਸਮੇਂ ਅਤੇ ਸਥਾਨ ਨੂੰ ਲੈ ਕੇ ਹਫਤਿਆਂ ਤੋਂ ਅਟਕਲਾਂ ਚੱਲ ਰਹੀਆਂ ਸਨ। ਇਸ ਹਫਤੇ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਹੋਈ ਸੀ।
ਤੁਰਕੀ ਨੇ ਸੰਯੁਕਤ ਰਾਸ਼ਟਰ ਦੇ ਨਾਲ ਮਿਲ ਕੇ ਜੁਲਾਈ 2022 ਵਿੱਚ ਇੱਕ ਸਮਝੌਤਾ ਕੀਤਾ ਸੀ, ਜਿਸ ਦੇ ਤਹਿਤ ਯੂਕ੍ਰੇਨ ਕਾਲਾ ਸਾਗਰ ਵਿੱਚ ਸਥਿਤ 3 ਬੰਦਰਗਾਹਾਂ ਤੋਂ ਅਨਾਜ ਅਤੇ ਹੋਰ ਖੁਰਾਕੀ ਵਸਤੂਆਂ ਬਾਹਰ ਭੇਜ ਸਕਦਾ ਹੈ। ਉਸੇ ਸਮੇਂ ਸੰਯੁਕਤ ਰਾਸ਼ਟਰ ਅਤੇ ਰੂਸ ਦੇ ਵਿਚਕਾਰ ਇਕ ਵੱਖ ਸਹਿਮਤੀ ਬਣੀ ਸੀ, ਜਿਸ ਵਿਚ ਰੂਸ ਵੱਲੋਂ ਗਲੋਬਲ ਬਾਜ਼ਾਰਾਂ ਵਿੱਚ ਭੋਜਨ ਅਤੇ ਖਾਦ ਭੇਜਣ ਦੌਰਾਨ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਦੀ ਗੱਲ ਕੀਤੀ ਗਈ ਸੀ। ਹਾਲਾਂਕਿ, ਰੂਸ ਇਸ ਸਾਲ ਦੇ ਸ਼ੁਰੂ ਵਿੱਚ ਇਹ ਦਾਅਵਾ ਕਰਦੇ ਹੋਏ ਸਮਝੌਤੇ ਤੋਂ ਪਿੱਛੇ ਹਟ ਗਿਆ ਕਿ ਉਸ ਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਗਈਆਂ।