9 ਮਿਲੀਅਨ ਡਾਲਰ ਦੀ ਕੋਕੀਨ ਸਣੇ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ
Wednesday, Apr 22, 2026 - 03:55 AM (IST)
ਪੁਟਨਮ ਕਾਉਂਟੀ : ਅਮਰੀਕਾ ਦੀ ਇੰਡੀਆਨਾ ਸਟੇਟ ਪੁਲਸ ਨੇ ਅੱਜ ਪੁਟਨਮ ਕਾਉਂਟੀ ਖੇਤਰ ਵਿਚ ਵੱਡੀ ਕਾਰਵਾਈ ਕਰਦਿਆਂ ਲੱਗਭਗ 9 ਮਿਲੀਅਨ ਡਾਲਰ ਦੀ ਕੋਕੀਨ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਪੁਟਨਮ ਕਾਉਂਟੀ ਦੇ ਕਲੋਵਰਡੇਲ ਨੇੜੇ ਆਈ-70 (I-70) ’ਤੇ ਇਕ ਟਰੂਪਰ ਨੇ ਤੇਜ਼ ਰਫ਼ਤਾਰ ਕਾਰਨ ਇਕ ਟਰੱਕ ਡਰਾਈਵਰ ਨੂੰ ਰੋਕਿਆ ਸੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਉਸ ਨੇ ਟਰੱਕ ਡਰਾਈਵਰ ਦੀਆਂ ਗਤੀਵਿਧੀਆਂ ਵਿਚ ਕਈ ਅਜਿਹੇ ਸੰਕੇਤ ਦੇਖੇ ਜੋ ਸ਼ੱਕੀ ਸਨ। 27 ਸਾਲਾ ਡਰਾਈਵਰ ਹਰਮਨਦੀਪ ਸਿੰਘ ਨੇ ਆਪਣੇ ਵਾਹਨ ਦੀ ਤਲਾਸ਼ੀ ਲੈਣ ਦੀ ਸਹਿਮਤੀ ਦਿੱਤੀ। ਜਾਂਚ ਦੌਰਾਨ ਟਰੱਕ ਦੇ ਅੰਦਰੋਂ ਕਈ ਡਫਲ ਬੈਗ ਅਤੇ ਗੱਤੇ ਦੇ ਡੱਬੇ ਮਿਲੇ, ਜਿਨ੍ਹਾਂ ਵਿਚ ਲੱਗਭਗ 178 ਕਿਲੋਗ੍ਰਾਮ ਕੋਕੀਨ ਮੌਜੂਦ ਸੀ।
ਹਰਮਨਦੀਪ ਸਿੰਘ ਕੈਲੀਫੋਰਨੀਆ ਦੇ ਬੇਕਰਸਫੀਲਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਫਿਲਹਾਲ ਉਹ ਪੁਟਨਮ ਕਾਉਂਟੀ ਜੇਲ ਵਿਚ ਬੰਦ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।
