ਅਮਰੀਕਾ 'ਚ ਪੰਜਾਬੀ ਮੂਲ ਦੇ ਵਿਅਕਤੀ ਨੇ ਕੀਤੀ ਧੋਖਾਧੜੀ

09/19/2018 3:36:44 PM

ਨਿਊਯਾਰਕ(ਏਜੰਸੀ)— ਅਮਰੀਕਾ 'ਚ ਇਕ ਪੰਜਾਬੀ ਮੂਲ ਦੇ ਵਿਅਕਤੀ ਨੇ ਝੂਠ ਬੋਲ ਕੇ ਕਰੋੜਾਂ ਰੁਪਿਆਂ ਦੀ ਧੋਖਾਧੜੀ ਕੀਤੀ ਹੈ। ਉਸ ਨੇ ਆਪਣੇ ਸਾਰੇ ਦੋਸ਼ਾਂ ਨੂੰ ਕਬੂਲ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਉਸ ਨੇ ਅਮਰੀਕਾ 'ਚ ਰਹਿੰਦੇ ਵਿਦੇਸ਼ੀਆਂ ਨੂੰ ਜੋ ਕਿ ਅਮਰੀਕਾ ਦਾ ਵੀਜ਼ਾ ਲੈਣ ਲਈ ਕੋਸ਼ਿਸ਼ਾਂ ਕਰ ਰਹੇ ਹਨ, ਨੂੰ ਆਪਣਾ ਸ਼ਿਕਾਰ ਬਣਾਇਆ। 
51 ਸਾਲਾ ਕੰਵਰ ਸਰਬਜੀਤ ਸਿੰਘ ਅਮਰੀਕਾ ਦਾ ਨਿਵਾਸੀ ਹੈ ਅਤੇ ਉਸ ਨੇ ਫੇਸਬੁੱਕ ਅਤੇ ਵਟਸਐਪ 'ਤੇ ਆਪਣੇ ਆਪ ਨੂੰ ਅਮਰੀਕੀ ਵਿਭਾਗ ਦਾ ਕਰਮਚਾਰੀ ਦੱਸਿਆ। ਉਹ ਝੂਠ ਬੋਲ ਕੇ ਲੋਕਾਂ ਨੂੰ ਲਗਾਤਾਰ ਲੁੱਟਦਾ ਰਿਹਾ ।


ਅਧਿਕਾਰੀਆਂ ਨੇ ਦੱਸਿਆ ਕਿ ਉਹ ਇਕ-ਇਕ ਵਿਅਕਤੀ ਤੋਂ 2.18 ਲੱਖ ਤੋਂ 2.91 ਲੱਖ ਤਕ ਦੀ ਫੀਸ ਲੈਂਦਾ ਸੀ। ਇਹ ਸਾਰੇ ਲੋਕ ਕਾਫੀ ਗਰੀਬ ਸਨ, ਜੋ ਮੁਸ਼ਕਲ ਨਾਲ ਇਸ ਸਭ ਦਾ ਪ੍ਰਬੰਧ ਕਰਦੇ ਸਨ। ਉਹ ਇਨ੍ਹਾਂ ਲੋਕਾਂ ਕੋਲੋਂ ਪਾਸਪੋਰਟ ਦੀਆਂ ਕਾਪੀਆਂ, ਉਨ੍ਹਾਂ ਦੀਆਂ ਤਸਵੀਰਾਂ ਅਤੇ ਮੋਟੀ ਫੀਸ ਲੈਂਦਾ ਸੀ। ਅਦਾਲਤ 'ਚ ਉਸ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਧੋਖਾਧੜੀ ਦੇ ਦੋਸ਼ 'ਚ ਉਸ ਨੂੰ 20 ਸਾਲਾਂ ਦੀ ਸਜ਼ਾ ਹੋਣ ਦੀ ਉਮੀਦ ਹੈ।


ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਉਸ ਨੇ ਨਕਲੀ ਫੋਟੋ ਅਤੇ ਨਕਲੀ ਪਛਾਣ ਦੱਸ ਕੇ ਅਜਿਹਾ ਕੀਤਾ। ਲੋਕਾਂ ਨੇ ਦੱਸਿਆ ਕਿ ਉਸ ਨੇ ਲੋਕਲ ਚਰਚ ਅਤੇ ਇੱਥੋਂ ਦੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਅਤੇ ਉਨ੍ਹਾਂ ਨੂੰ ਝੂਠ ਕਹਿੰਦਾ ਰਿਹਾ ਕਿ ਭਾਰਤ 'ਚ ਉਸ ਦਾ ਬਿਜ਼ਨੈੱਸ ਹੈ। ਇਸ ਤਰ੍ਹਾਂ ਉਸ ਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਅਤੇ ਉਨ੍ਹਾਂ ਨੂੰ ਅਮਰੀਕੀ ਵੀਜ਼ਾ ਦਿਵਾਉਣ ਲਈ ਨਾਟਕ ਕਰਦਾ ਰਿਹਾ। ਉਸ ਨੇ ਅਮਰੀਕਾ 'ਚ ਰਹਿ ਰਹੇ ਕੱਚੇ ਵਿਦੇਸ਼ੀਆਂ ਨੂੰ ਝੂਠਾ ਲਾਰਾ ਲਗਾਇਆ ਅਤੇ ਉਨ੍ਹਾਂ ਤੋਂ ਮੋਟੀ ਕਮਾਈ ਕੀਤੀ। ਅਦਾਲਤ 'ਚ ਅਗਲੀ ਸੁਣਵਾਈ ਦਸੰਬਰ ਮਹੀਨੇ ਹੋਵੇਗੀ।


Related News