ਕੈਨੇਡੀਅਨਾਂ ਨੂੰ ਫਰੌਡ ਕਾਲਾਂ ਰਾਹੀਂ ਠੱਗਣ ਵਾਲਾ ਪੰਜਾਬੀ ਜੋੜਾ ਗ੍ਰਿਫਤਾਰ

02/16/2020 9:44:03 PM

ਬਰੈਂਪਟਨ- ਕੈਨੇਡਾ ਵਿਚ ਇਕ ਪੰਜਾਬੀ ਜੋੜੇ 'ਤੇ ਕੈਨੇਡਾ ਰੈਵੇਨਿਊ ਏਜੰਸੀ ਦੇ ਨਾਂ 'ਤੇ ਲੋਕਾਂ ਨੂੰ ਝੂਠੀਆਂ ਫੋਨ ਕਾਲਾਂ ਰਾਹੀਂ ਠੱਗਣ ਦੇ ਦੋਸ਼ ਲੱਗੇ ਹਨ। ਇਹਨਾਂ ਦੀ ਪਛਾਣ 37 ਸਾਲਾ ਗੁਰਿੰਦਰਪ੍ਰੀਤ ਧਾਲੀਵਾਲ ਤੇ ਉਸ ਦੀ 36 ਸਾਲਾ ਪਤਨੀ ਇੰਦਰਪ੍ਰੀਤ ਧਾਲੀਵਾਲ ਵਜੋਂ ਹੋਈ ਹੈ। ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਆਰ.ਸੀ.ਐਮ.ਪੀ. ਵਲੋਂ ਗੁਰਿੰਦਰਪ੍ਰੀਤ ਤੇ ਇੰਦਰਪ੍ਰੀਤ 'ਤੇ ਧੋਖਾਧੜੀ, ਅਪਰਾਧ ਕਰ ਕੇ ਕਮਾਈ ਕਰਨ ਤੇ ਜਾਇਦਾਦ ਬਣਾਉਣ ਦਾ ਦੋਸ਼ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਕੈਨੇਡਾ ਪੱਧਰ 'ਤੇ 26 ਸਾਲਾ ਸ਼ਾਂਤਨੂੰ ਮਾਣਿਕ ਦੇ ਨਾਂ 'ਤੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ, ਜਿਸ ਦੀ ਇਸ ਵੇਲੇ ਭਾਰਤ ਵਿਚ ਲੁਕੇ ਹੋਣ ਦੀ ਸੰਭਾਵਨਾ ਹੈ। ਆਰ.ਸੀ.ਐਮ.ਪੀ. ਫੋਨ ਤੇ ਇੰਟਰਨੈੱਟ ਰਾਹੀਂ ਹੋ ਰਹੇ ਘੁਟਾਲਿਆਂ ਵਿਚ ਇਸ ਜੋੜੇ ਨੂੰ ਸਹਿ-ਸਾਜ਼ਿਸ਼ਕਰਤਾ ਮੰਨ ਰਹੀ ਹੈ। ਪੁਲਸ ਮੁਤਾਬਕ ਕੈਨੇਡੀਅਨਾਂ ਨੂੰ 2014 ਤੋਂ ਇਸ ਸਾਜ਼ਿਸ਼ ਤਹਿਤ ਝੂਠੀਆਂ ਕਾਲਾਂ ਕੀਤੀਆਂ ਗਈਆਂ ਸਨ, ਜਿਸ ਵਿਚ ਇਹ ਜੋੜਾਂ ਖੁਦ ਨੂੰ ਸੀ.ਆਰ.ਏ., ਆਰ.ਸੀ.ਐਮ.ਪੀ. ਜਾਂ ਫੈਡਰਲ ਸਰਕਾਰ ਦੇ ਨੁਮਾਇੰਦਾ ਦੱਸਦਾ ਸੀ। ਇਹ ਲੋਕਾਂ ਨੂੰ ਦੱਸਦੇ ਸਨ ਕਿ ਉਹਨਾਂ ਦਾ ਟੈਕਸ ਖੜ੍ਹਾ ਹੈ ਤੇ ਪੈਸੇ ਨਾ ਭਰਨ ਦੀ ਸੂਰਤ ਵਿਚ ਉਹਨਾਂ ਨੂੰ ਧਮਕਾਇਆ ਜਾਂਦਾ ਸੀ। 

ਆਰ.ਸੀ.ਐਮ.ਪੀ. ਮੁਤਾਬਕ 2014 ਤੋਂ 2018 ਤੱਕ ਕੈਨੇਡੀਅਨਾਂ ਨਾਲ 16.8 ਮਿਲੀਅਨ ਡਾਲਰ ਦੀ ਠੱਗੀ ਹੋਈ ਹੈ। ਜਦੋਂ ਇਸ ਮਾਮਲੇ ਦਾ ਖੁਲਾਸਾ ਹੋਇਆ ਤਾਂ ਲੋਕਾਂ ਦੇ ਹੋਸ਼ ਉੱਡ ਗਏ ਹਨ। ਪੁਲਸ ਨੇ ਇਸ ਗ੍ਰਿਫਤਾਰੀ ਨੂੰ ਮਹੱਤਵਪੂਰਨ ਦੱਸਿਆ ਹੈ। ਜੋੜੇ ਘਰੋਂ 26 ਹਜ਼ਾਰ ਨਕਦ ਡਾਲਰ, 1 ਲੱਖ 14 ਹਜ਼ਾਰ ਡਾਲਰ ਦੇ ਗਹਿਣਿਆਂ ਸਣੇ ਕੈਸ਼ ਗਿਣਨ ਵਾਲੀ ਮਸ਼ੀਨ ਤੇ ਕੁਝ ਐਨਵੈਲਪਸ ਬਰਾਮਦ ਕੀਤੇ ਹਨ, ਜੋ ਕਿ ਪੁਲਸ ਨੂੰ ਸ਼ੱਕ ਹੈ ਕਿ ਪੀੜਤਾਂ ਵਲੋਂ ਇਹਨਾਂ ਵਿਚ ਹੀ ਪੈਸੇ ਪਾ ਕੇ ਭੇਜੇ ਗਏ ਹੋਣਗੇ। ਇਸ ਜੋੜੇ ਨੂੰ 2 ਮਾਰਚ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਨਾਲ ਹੀ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਸਕੈਮ ਕਾਲ ਤੋਂ ਸਾਵਧਾਨ ਰਹਿਣ। ਜੇਕਰ ਕੋਈ ਵੀ ਕਾਲ ਕਰਕੇ ਤੁਹਾਡੇ ਤੋਂ ਨਿੱਜੀ ਜਾਣਕਾਰੀ ਮੰਗਦਾ ਹੈ ਜਾਂ ਪੈਸੇ ਜਮ੍ਹਾ ਕਰਵਾਉਣ ਲਈ ਕਹਿੰਦਾ ਹੈ ਤਾਂ ਉਸ ਦੀਆਂ ਗੱਲਾਂ ਵਿਚ ਨਾ ਆਓ ਤੇ ਇਸ ਦੀ ਜਾਣਕਾਰੀ ਕੈਨੇਡੀਅਨ ਐਂਟੀ ਫ੍ਰਾਡ ਸੈਂਟਰ ਨੂੰ ਦਿਓ।


Baljit Singh

Content Editor

Related News