ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਭਾਰਤ ਸਰਕਾਰ ਤੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ

Tuesday, Sep 07, 2021 - 10:33 AM (IST)

ਲਾਹੌਰ: ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਦੀ ਅਗਵਾਈ ਹੇਠ 6 ਸਤੰਬਰ 2021 ਨੂੰ ਈ.ਟੀ.ਪੀ.ਬੀ. ਦੇ ਮੁੱਖ ਦਫ਼ਤਰ ਲਾਹੌਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਪੁਰਬ ਮੌਕੇ ਕਰਾਏ ਜਾ ਰਹੇ ਸਮਾਗਮਾਂ ਦੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਇਕ ਮੀਟਿੰਗ ਹੋਈ। ਇਸ ਦੌਰਾਨ ਪੀ.ਐੱਸ.ਜੀ.ਪੀ.ਸੀ. ਨੇ ਭਾਰਤੀ ਸੰਗਤਾਂ ਨੂੰ ਜੋਤੀ ਜੋਤ ਪੁਰਬ ਵਿਚ ਹਿੱਸਾ ਲੈਣ ਦੀ ਇਜਾਜ਼ਤ ਦੇਣ ਲਈ ਇਕ ਵਾਰ ਫਿਰ ਭਾਰਤੀ ਪੱਖ ਤੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਹੈ। 

ਇਸ ਮੌਕੇ ’ਤੇ ਪੀ.ਐੱਸ.ਜੀ.ਪੀ.ਸੀ. ਦੇ ਮੈਂਬਰਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਪੁਰਬ ਦੇ ਮੱਦੇਨਜ਼ਰ ਪਿਛਲੇ ਲੰਮੇ ਤੋਂ ਭਾਰਤ ਵੱਲੋਂ ਬੰਦ ਕਰਤਾਰ ਸਾਹਿਬ ਕੋਰੀਡੋਰ ਖੋਲ੍ਹਣ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਪੀ.ਐੱਸ.ਜੀ.ਪੀ.ਸੀ. ਵੱਲੋਂ 20, 21, 22 ਸਤੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਹਾੜਾ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਅਤੇ ਸਾਡੀ ਦਿਲੀ ਖਾਹਿਸ਼ ਹੈ ਕਿ ਇਸ ਮੌਕੇ ’ਤੇ ਇਹ ਲਾਂਘਾ ਖੋਲ੍ਹ ਦਿੱਤਾ ਜਾਵੇ ਤਾਂ ਜੋ ਭਾਰਤ ਵਿਚ ਬੈਠੀਆਂ ਸੰਗਤਾਂ ਸਮਾਗਮ ਵਿਚ ਸ਼ਾਮਲ ਹੋ ਸਕਣ।

ਉਨ੍ਹਾਂ ਇਹ ਵੀ ਦੱਸਿਆ ਕਿ ਸਾਡੀ ਬੇਨਤੀ ’ਤੇ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਸ਼ੇਸ਼ ਤੌਰ ’ਤੇ ਇੱਥੇ ਜੋਤੀ ਜੋਤ ਗੁਰਪੁਰਬ ਮੌਕੇ ਪਹੁੰਚ ਰਹੇ ਹਨ। ਅਸੀਂ ਪੀ.ਐੱਸ.ਜੀ.ਪੀ.ਸੀ. ਵੱਲੋਂ ਭਾਰਤ ਸਰਕਾਰ, ਕੈਪਟਨ ਸਰਕਾਰ, ਬੀਬੀ ਜਗੀਰ ਕੌਰ ਜੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਵਿਚ ਆਪਣਾ ਅਹਿਮ ਯੋਗਦਾਨ ਪਾਉਣ।


 


cherry

Content Editor

Related News