ਭਾਰਤ ’ਚ ਵਧਦੇ ਵਿਵਾਦ ਦਰਮਿਆਨ ਫਰਾਂਸ ’ਚ ਖੇਡਾਂ ਦੌਰਾਨ ਹਿਜਾਬ ’ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਰੱਦ
Friday, Feb 11, 2022 - 10:01 AM (IST)
ਪੈਰਿਸ: ਭਾਰਤ ’ਚ ਹਿਜਾਬ ਵਿਵਾਦ ਦੇ ਵਿਚਕਾਰ ਫਰਾਂਸ ’ਚ ਵੀ ਮਹਿਲਾ ਖਿਡਾਰੀਆਂ ਦੇ ਹਿਜਾਬ ਪਹਿਨਣ ਦਾ ਮਾਮਲਾ ਗਰਮਾ ਗਿਆ ਹੈ। ਫਿਲਹਾਲ ਫਰਾਂਸ ’ਚ ਖੇਡ ਮੁਕਾਬਲਿਆਂ ਦੌਰਾਨ ਹਿਜਾਬ ’ਤੇ ਪਾਬੰਦੀ ਲਗਾਉਣ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਹੈ। ਫਰਾਂਸ ਦੀ ਨੈਸ਼ਨਲ ਅਸੈਂਬਲੀ ਨੇ ਖੇਡ ਸਮਾਗਮਾਂ ਦੌਰਾਨ ਹਿਜਾਬ ਵਰਗੇ ਧਾਰਮਿਕ ਚਿੰਨ੍ਹਾਂ ’ਤੇ ਪਾਬੰਦੀ ਲਗਾਉਣ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਪਾਰਟੀ ਨੇ ਅਜਿਹੇ ਕਾਨੂੰਨ ਬਾਰੇ ਪ੍ਰਸਤਾਵ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦਰਅਸਲ, ਫਰੈਂਚ ਫੁੱਟਬਾਲ ਫੈਡਰੇਸ਼ਨ ਦਾ ਮੰਨਣਾ ਹੈ ਕਿ ਮੈਚ ਦੌਰਾਨ ਖਿਡਾਰੀਆਂ ਨੂੰ ਅਜਿਹਾ ਕੁਝ ਨਹੀਂ ਪਹਿਨਣਾ ਚਾਹੀਦਾ ਜੋ ਉਨ੍ਹਾਂ ਦੀ ਧਾਰਮਿਕ ਪਛਾਣ ਨੂੰ ਦਰਸਾਉਂਦਾ ਹੋਵੇ। ਪਰ ਫਰਾਂਸ ਦੇ ਮੁਸਲਿਮ ਫੁੱਟਬਾਲ ਖਿਡਾਰੀ ਇਸ ਪਾਬੰਦੀ ਦਾ ਵਿਰੋਧ ਕਰ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਲੇਸ ਹਿਜਾਬਿਊਸ ਨਾਂ ਦੀ ਇਕ ਸੰਸਥਾ ਹੈ। ਇਹ ਫਰਾਂਸ ਦੀਆਂ ਮਹਿਲਾ ਫੁੱਟਬਾਲ ਖਿਡਾਰਨਾਂ ਦਾ ਇਕ ਸੰਗਠਨ ਹੈ ਜੋ ਹਿਜਾਬ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਮੈਚ ਖੇਡਣ ਤੋਂ ਅਸਮਰੱਥ ਹੈ। ਨਵੰਬਰ 2021 ਵਿਚ ਇਸ ਸੰਗਠਨ ਨੇ ਫਰੈਂਚ ਫੁੱਟਬਾਲ ਫੈਡਰੇਸ਼ਨ ਦੀ ਪਾਬੰਦੀ ਨੂੰ ਕਾਨੂੰਨੀ ਤੌਰ ’ਤੇ ਚੁਣੌਤੀ ਦਿੱਤੀ ਸੀ। ਸੰਗਠਨ ਦਾ ਕਹਿਣਾ ਹੈ ਕਿ ਇਹ ਪਾਬੰਦੀ ਵਿਤਕਰਾ ਪੈਦਾ ਕਰਦੀ ਹੈ। ਫਰਾਂਸ ਵਿਚ ਮੁਸਲਿਮ ਮਹਿਲਾ ਖਿਡਾਰਨਾਂ ਦਾ ਮੰਨਣਾ ਹੈ ਕਿ ਅਜਿਹੀ ਪਾਬੰਦੀ ਉਨ੍ਹਾਂ ਦੇ ਧਰਮ ਦਾ ਪਾਲਣ ਕਰਨ ਦੇ ਅਧਿਕਾਰ ਵਿਚ ਦਖ਼ਲ ਦਿੰਦੀ ਹੈ।
ਇਹ ਵੀ ਪੜ੍ਹੋ: ਲੰਡਨ ਜਾ ਰਹੀ ਜਨਾਨੀ ਨਾਲ ਉੱਡਦੇ ਜਹਾਜ਼ ’ਚ ਜਬਰ-ਜ਼ਿਨਾਹ, ਬਿਜ਼ਨੈੱਸ ਕਲਾਸ ’ਚ ਬੈਠੀ ਸੀ ਪੀੜਤਾ
ਜਾਣਕਾਰੀ ਮੁਤਾਬਕ ਮਹਿਲਾ ਫੁੱਟਬਾਲ ਖਿਡਾਰਨਾਂ ਦਾ ਸੰਗਠਨ ਲੇ ਹਿਜਾਬਸ 9 ਫਰਵਰੀ ਨੂੰ ਆਪਣੀਆਂ ਮੰਗਾਂ ਦੇ ਸਮਰਥਨ ’ਚ ਫਰਾਂਸ ਦੀ ਸੰਸਦ ਦੇ ਸਾਹਮਣੇ ਪ੍ਰਦਰਸ਼ਨ ਦੇ ਜ਼ਰੀਏ ਆਪਣਾ ਵਿਰੋਧ ਜ਼ਾਹਰ ਕਰਨਾ ਚਾਹੁੰਦਾ ਸੀ। ਪਰ ਪ੍ਰਸ਼ਾਸਨ ਵੱਲੋਂ ਸੁਰੱਖਿਆ ਕਾਰਨਾਂ ਕਰਕੇ ਧਰਨੇ ਦੀ ਇਜਾਜ਼ਤ ਨਹੀਂ ਦਿੱਤੀ ਗਈ। ਫਰਾਂਸ ਵਿਚ ਇਸ ਸਾਲ ਕੁਝ ਮਹੀਨਿਆਂ ਬਾਅਦ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਅਜਿਹੇ ’ਚ ਮਹਿਲਾ ਖਿਡਾਰਨਾਂ ਦੇ ਹਿਜਾਬ ਪਹਿਨਣ ਨੂੰ ਲੈ ਕੇ ਕਾਫ਼ੀ ਵਿਵਾਦ ਹੋ ਰਿਹਾ ਹੈ। ਮੁਸਲਿਮ ਮਹਿਲਾ ਖਿਡਾਰਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਧਿਕਾਰਾਂ ’ਚ ਦਖ਼ਲ ਨਾ ਦਿੱਤਾ ਜਾਵੇ ਤਾਂ ਬਿਹਤਰ ਹੈ।
ਇਹ ਵੀ ਪੜ੍ਹੋ: ਜਸਟਿਨ ਟਰੂਡੋ ਵੱਲੋਂ ਟਰੱਕ ਡਰਾਈਵਰਾਂ ਦੀ ਆਲੋਚਨਾ, ਕਿਹਾ- 'ਚੱਕਾਜਾਮ' ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।