ਕੋਰੋਨਾ ਨੂੰ ਲੈ ਕੇ ਸ਼ੀ ਜਿਨਪਿੰਗ ਦੀ ਆਲੋਚਨਾ ਕਰਨ ਵਾਲਾ ਪ੍ਰੋਫੈਸਰ ਹਿਰਾਸਤ ''ਚ
Monday, Jul 06, 2020 - 11:11 PM (IST)
ਬੀਜ਼ਿੰਗ - ਕੋਰੋਨਾਵਾਇਰਸ ਮਾਮਲੇ ਨੂੰ ਹੈਂਡਲ ਕਰਨ ਨੂੰ ਲੈ ਕੇ ਚੀਨ ਸਰਕਾਰ ਦੀ ਆਲੋਚਨਾ ਕਰਨ ਵਾਲੇ ਇਕ ਚੀਨੀ ਪ੍ਰੋਫੈਸਰ ਨੂੰ ਸੋਮਵਾਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਸ਼ੂ ਝਾਨਗਰੂਨ ਦੇ ਦੋਸਤਾਂ ਮੁਤਾਬਕ ਬੀਜ਼ਿੰਗ ਸਥਿਤ ਉਨ੍ਹਾਂ ਦੇ ਘਰ 'ਤੇ ਸੋਮਵਾਰ ਦੀ ਸਵੇਰ 20 ਲੋਕ ਪਹੁੰਚੇ ਅਤੇ ਉਨ੍ਹਾਂ ਦੇ ਕੰਪਿਊਟਰ ਅਤੇ ਦਸਤਾਵੇਜ਼ਾਂ ਨੂੰ ਜ਼ਬਤ ਕਰ ਲਿਆ। ਇਸ ਤੋਂ ਪਹਿਲਾਂ ਇਸ ਸਾਲ ਕੋਰੋਨਾ ਮਹਾਮਾਰੀ ਨੂੰ ਲੈ ਕੇ ਚੀਨੀ ਸਰਕਾਰ ਦੇ ਰਿਸਪਾਂਸ ਦੀ ਆਲੋਚਨਾ ਕਰਨ ਵਾਲੇ ਇਕ ਲੇਖ ਲਿੱਖਣ ਦੇ ਚੱਲਦੇ ਉਨ੍ਹਾਂ ਨੂੰ ਘਰ ਵਿਚ ਨਜ਼ਰਬੰਦ ਕੀਤਾ ਗਿਆ ਸੀ। ਉਦੋਂ ਉਨ੍ਹਾਂ ਨੇ ਸ਼ੱਕ ਜਤਾਇਆ ਸੀ ਕਿ ਇਹ ਉਨ੍ਹਾਂ ਦਾ ਆਖਰੀ ਲੇਖ ਸਾਬਿਤ ਹੋ ਸਕਦਾ ਹੈ। ਹਿਰਾਸਤ ਵਿਚ ਲਏ ਗਏ ਪ੍ਰੋਫੈਸਰ ਦੀ ਇਕ ਦੋਸਤ ਜੇਂਗ ਜਿਓਨੇਨ ਨੇ ਨਿਊਯਾਰਕ ਟਾਈਮਸ ਨੂੰ ਕਿਹਾ ਹੈ ਕਿ ਸ਼ੂ ਹਿਰਾਸਤ ਵਿਚ ਲਏ ਜਾਣ ਨੂੰ ਲੈ ਕੇ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਤਿਆਰ ਸਨ।
ਜੇਂਗ ਨੇ ਅੱਗੇ ਨਿਊਯਾਰਕ ਟਾਈਮਸ ਨੂੰ ਦੱਸਿਆ ਕਿ ਉਹ ਇਕ ਬੈਗ ਵਿਚ ਆਪਣੇ ਕੱਪੜੇ ਅਤੇ ਹੋਰ ਸਮਾਨ ਰੱਖਿਆ ਕਰਦੇ ਸਨ ਅਤੇ ਉਸ ਨੂੰ ਘਰ ਦੇ ਅੱਗੇ ਵਾਲੇ ਪਾਸੇ ਲਟਕਾ ਕੇ ਰੱਖਦੇ ਸਨ। ਬੀ. ਬੀ. ਸੀ. ਮੁਤਾਬਕ ਸ਼ੂ ਨੇ ਚੀਨ ਵਿਚ ਪ੍ਰਗਟਾਵੇ ਦੀ ਆਜ਼ਾਦੀ 'ਤੇ ਰੋਕ ਖਿਲਾਫ ਆਵਾਜ਼ ਚੁੱਕਣ ਦਾ ਜ਼ੋਖਮ ਭਰਿਆ ਰਾਹ ਚੁਣ ਲਿਆ ਸੀ। ਉਨ੍ਹਾਂ ਨੇ ਇਸ ਪ੍ਰਬੰਧ ਦਾ ਵੀ ਵਿਰੋਧ ਕੀਤਾ ਸੀ ਜਿਸ ਦੇ ਤਹਿਤ ਕੋਈ ਸ਼ਖਸ ਕਿੰਨੀ ਵਾਰ ਚੀਨ ਦਾ ਰਾਸ਼ਟਰਪਤੀ ਚੁਣਿਆ ਜਾ ਸਕਦਾ ਹੈ, ਇਹ ਲਿਮੀਟੇਸ਼ਨ ਹਟਾਈ ਗਈ ਸੀ। ਇਸ ਬਦਲਾਅ ਦੇ ਚੱਲਦੇ ਚੀਨ ਦੇ ਮੌਜੂਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਜ਼ਿੰਦਗੀ ਭਰ ਰਾਸ਼ਟਰਪਤੀ ਬਣੇ ਰਹਿਣ ਦਾ ਮੌਕਾ ਮਿਲ ਗਿਆ ਹੈ। ਸ਼ੂ ਨੂੰ ਉਸ ਵੇਲੇ ਦੇਸ਼ ਦੀ ਉੱਚ ਸੰਸਥਾਨ ਸ਼ਿੰਹੂਆ ਯੂਨੀਵਰਸਿਟੀ ਵਿਚ ਪੜ੍ਹਾਉਣ ਤੋਂ ਰੋਕ ਦਿੱਤਾ ਗਿਆ ਸੀ।