ਲੰਡਨ ਤੋਂ ਜਰਮਨੀ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ

04/20/2018 8:51:45 PM

ਲੰਡਨ (ਏਜੰਸੀ)- ਆਪਣੇ ਪੰਜ ਦਿਨਾਂ ਦੇ ਵਿਦੇਸ਼ ਦੌਰੇ ਉੱਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਵਿਚ ਥੋੜ੍ਹੀ ਜਿਹੀ ਤਬਦੀਲੀ ਹੋਈ ਹੈ। ਪ੍ਰਧਾਨ ਮੰਤਰੀ ਨੇ ਲੰਡਨ ਵਿਚ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨਾਲ ਮੁਲਾਕਾਤ ਕਰਨੀ ਸੀ, ਪਰ ਇਸ ਮੁਲਾਕਾਤ ਨੂੰ ਰੱਦ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਹੁਣ ਲੰਡਨ ਤੋਂ ਸਿੱਧਾ ਜਰਮਨੀ ਲਈ ਰਵਾਨਾ ਹੋ ਚੁੱਕੇ ਹਨ। ਪ੍ਰਧਾਨ ਮੰਤਰੀ ਉਥੋਂ ਜਰਮਨੀ ਦੀ ਚਾਂਸਲਰ ਏਂਜਲਾ ਮਰਕੇਲ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇਹ ਸਾਫ ਕਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਨਹੀਂ ਕਰਨਗੇ।
PunjabKesari
ਦਰਅਸਲ ਪ੍ਰਧਾਨ ਮੰਤਰੀ ਮੋਦੀ ਰਾਸ਼ਟਰਮੰਡਲ ਦੇਸ਼ਾਂ ਦੇ ਸ਼ਾਸਨ ਪ੍ਰਧਾਨਾਂ ਦੇ ਸੰਮੇਲਨ ਵਿਚ ਹਿੱਸਾ ਲੈਣ ਲਈ ਬ੍ਰਿਟੇਨ ਗਏ ਸਨ, ਜਿਥੇ ਉਨ੍ਹਾਂ ਦੀ ਮੁਲਾਕਾਤ ਸ਼ਾਹਿਦ ਖਾਕਾਨ ਅੱਬਾਸੀ ਨਾਲ ਹੋਣੀ ਸੀ ਪਰ ਨਹੀਂ ਹੋਈ ਅਤੇ ਨਾ ਹੀ ਮੁਲਾਕਾਤ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਹ ਮੁਲਾਕਾਤ ਅੱਤਵਾਦ ਉੱਤੇ ਪਾਕਿਸਤਾਨ ਦੇ ਰਵੱਈਏ ਨੂੰ ਲੈ ਕੇ ਰੱਦ ਕਰ ਦਿੱਤੀ ਹੈ। ਜ਼ਾਹਿਰ ਹੈ ਕਿ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਾਕਿਸਤਾਨ ਨਾਲ ਰਿਸ਼ਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਸੀ।
PunjabKesari
ਉਨ੍ਹਾਂ ਨੇ ਪਾਕਿਸਤਾਨ ਵਿਚ ਜਾ ਕੇ ਨਵਾਜ਼ ਸ਼ਰੀਫ ਨਾਲ ਮੁਲਾਕਾਤ ਵੀ ਕੀਤੀ ਸੀ ਪਰ ਲਗਾਤਾਰ ਹੋ ਰਹੇ ਅੱਤਵਾਦੀ ਹਮਲਿਆਂ ਉੱਤੇ ਚੁੱਪੀ ਧਾਰੇ ਪਾਕਿ ਅਤੇ ਆਏ ਦਿਨ ਜੰਗ ਬੰਦੀ ਦੀ ਉਲੰਘਣਾ ਕਰਕੇ ਪਾਕਿ ਨੇ ਰਿਸ਼ਤਿਆਂ ਦੇ ਮਜ਼ਬੂਤ ਕਰਨ ਦੀਆਂ ਉਮੀਦਾਂ ਗੁਆ ਲਈਆਂ ਹਨ। ਲੰਡਨ ਵਿਚ ਪ੍ਰਧਾਨ ਮੰਤਰੀ ਮੋਦੀ ਵਲੋਂ ਸਰਜੀਕਲ ਸਟ੍ਰਾਈਕ ਨੂੰ ਲੈ ਕੇ ਦਿੱਤੇ ਗਏ ਬਿਆਨ ਵੀ ਕਾਫੀ ਚਰਚਾ ਵਿਚ ਹਨ। ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਨੇ ਲੰਡਨ ਦੇ ਪਾਰਲੀਮੈਂਟ ਸਕੁਏਅਰ ਵਿਚ ਭਾਰਤੀ ਝੰਡੇ ਨੂੰ ਫਾੜਣ ਉੱਤੇ ਸਖ਼ਤ ਇਤਰਾਜ਼ ਜਤਾਇਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇਸ ਘਟਨਾ ਉੱਤੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਭਾਰਤ ਨੇ ਇਸ ਘਟਨਾ ਨੂੰ ਬੇਹਦ ਗੰਭੀਰਤਾ ਨਾਲ ਲਿਆ ਹੈ। ਬ੍ਰਿਟੇਨ ਨੇ ਇਸ ਘਟਨਾ ਉੱਤੇ ਦੁੱਖ ਜਤਾਇਆ ਹੈ। ਰਵੀਸ਼ ਕੁਮਾਰ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰ ਅਜੇ ਤੱਕ ਸਿਰਫ ਉਸ ਝੰਡੇ ਦੀ ਥਾਂ ਦੂਜਾ ਝੰਡਾ ਹੀ ਲਗਾਇਆ ਗਿਆ ਹੈ ਅਤੇ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਸਿਰਫ ਜਾਂਚ ਚੱਲ ਰਹੀ ਹੈ।


Related News