ਟਰੰਪ-ਪੁਤਿਨ ਦੀ ਗੱਲਬਾਤ ਲਈ ਕੀਤੀਆਂ ਜਾ ਰਹੀਆਂ ਹਨ ਤਿਆਰੀਆਂ: ਰੂਸ ਦੇ ਉਪ ਵਿਦੇਸ਼ ਮੰਤਰੀ
Sunday, Feb 23, 2025 - 11:48 AM (IST)

ਕੀਵ (ਏਜੰਸੀ)- ਰੂਸ ਦੇ ਉਪ ਵਿਦੇਸ਼ ਮੰਤਰੀ ਸਰਗੇਈ ਰਿਆਬਕੋਵ ਨੇ ਸ਼ਨੀਵਾਰ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਆਹਮੋ-ਸਾਹਮਣੇ ਮੁਲਾਕਾਤ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਰੂਸ ਦੇ ਸਰਕਾਰੀ ਮੀਡੀਆ ਨਾਲ ਗੱਲ ਕਰਦੇ ਹੋਏ, ਰਿਆਬਕੋਵ ਨੇ ਕਿਹਾ ਕਿ ਪੁਤਿਨ-ਟਰੰਪ ਦੀ ਸੰਭਾਵਿਤ ਮੁਲਾਕਾਤ ਵਿਚ ਸਿਰਫ਼ ਯੂਕ੍ਰੇਨ ਯੁੱਧ ਹੀ ਨਹੀਂ, ਸਗੋਂ ਵਿਸ਼ਵਵਿਆਪੀ ਮੁੱਦਿਆਂ 'ਤੇ ਵਿਆਪਕ ਚਰਚਾ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ, "ਸਵਾਲ ਸਾਡੇ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਆਮ ਬਣਾਉਣ ਦੀ ਦਿਸ਼ਾ ਵਿਚ ਅੱਗੇ ਵਧਣ, ਯੂਕ੍ਰੇਨ ਸਮੇਤ ਸਭ ਤੋਂ ਗੰਭੀਰ ਅਤੇ ਸੰਭਾਵੀ ਤੌਰ 'ਤੇ ਬਹੁਤ ਖ਼ਤਰਨਾਕ ਸਥਿਤੀਆਂ ਨੂੰ ਹੱਲ ਕਰਨ ਦੇ ਤਰੀਕੇ ਲੱਭਣ ਦੇ ਬਾਰੇ ਵਿਚ ਹੈ।"
ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀ ਮੀਟਿੰਗ ਕਰਵਾਉਣ ਦੀ ਕੋਸ਼ਿਸ਼ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਇਸਨੂੰ ਸੰਭਵ ਬਣਾਉਣ ਲਈ ਸਖ਼ਤ ਤਿਆਰੀ ਦੀ ਲੋੜ ਹੋਵੇਗੀ। ਰਿਆਬਕੋਵ ਨੇ ਕਿਹਾ ਕਿ ਅਮਰੀਕਾ ਅਤੇ ਰੂਸੀ ਰਾਜਦੂਤ "ਅਗਲੇ ਦੋ ਹਫ਼ਤਿਆਂ ਦੇ ਅੰਦਰ" ਮਿਲ ਸਕਦੇ ਹਨ ਤਾਂ ਜੋ ਸੀਨੀਅਰ ਅਧਿਕਾਰੀਆਂ ਵਿਚਕਾਰ ਗੱਲਬਾਤ ਦਾ ਰਾਹ ਪੱਧਰਾ ਕੀਤਾ ਜਾ ਸਕੇ। ਰੂਸ ਅਤੇ ਅਮਰੀਕਾ ਦੇ ਚੋਟੀ ਦੇ ਡਿਪਲੋਮੈਟਾਂ ਨੇ ਮੰਗਲਵਾਰ ਨੂੰ ਸਾਊਦੀ ਅਰਬ ਵਿੱਚ ਮੁਲਾਕਾਤ ਦੌਰਾਨ ਸਬੰਧਾਂ ਨੂੰ ਸੁਧਾਰਨ ਅਤੇ ਯੂਕ੍ਰੇਨ ਵਿੱਚ ਯੁੱਧ ਖਤਮ ਕਰਨ ਲਈ ਗੱਲਬਾਤ ਮੁੜ ਸ਼ੁਰੂ ਕਰਨ ਬਾਰੇ ਚਰਚਾ ਕੀਤੀ। ਇਸ ਮੀਟਿੰਗ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।