ਯੂਕ੍ਰੇਨ ਦਾ ਵੱਡਾ ਦਾਅਵਾ, ਪੁਤਿਨ ਨੂੰ ਰਾਸ਼ਟਰਪਤੀ ਅਹੁਦੇ ਤੋਂ ਹਟਾਉਣ ਦੀ ਚੱਲ ਰਹੀ ਤਿਆਰੀ!

10/31/2022 12:13:42 PM

ਕੀਵ (ਬਿਊਰੋ)– ਯੂਕ੍ਰੇਨ ਦੇ ਚੀਫ ਆਫ ਡਿਫੈਂਸ ਇੰਟੈਲੀਜੈਂਸ ਦੇ ਮੇਜਰ ਜਨਰਲ ਕਾਇਰਲੋ ਬੁਡਾਨੋਵ ਨੇ ਦਾਅਵਾ ਕੀਤਾ ਹੈ ਕਿ ਪੁਤਿਨ ਇਸ ਯੁੱਧ ਦੇ ਅਖੀਰ ਤਕ ਰਾਸ਼ਟਰਪਤੀ ਨਹੀਂ ਰਹਿਣਗੇ। ਬੁਡਾਨੋਵ ਨੇ ਕਿਹਾ ਕਿ ਇਕ ਰਿਪੋਰਟ ਮੁਤਾਬਕ ਰੂਸੀ ਅਧਿਕਾਰੀ ਵਲਾਦਿਮੀਰ ਪੁਤਿਨ ਨੂੰ ਸੱਤਾ ਤੋਂ ਹਟਾਉਣ ਲਈ ਸਰਗਰਮ ਰੂਪ ਨਾਲ ਚਰਚਾ ਕਰ ਰਹੇ ਹਨ।

ਜਨਰਲ ਬੁਡਾਨੋਵ ਦਾ ਬਿਆਨ ਅਜਿਹੇ ਸਮੇਂ ’ਚ ਆਇਆ ਹੈ, ਜਦੋਂ ਯੂਕ੍ਰੇਨ ਰੂਸ ’ਤੇ ਕਾਊਂਟਰ ਅਟੈਕ ਕਰਕੇ ਰੂਸ ਵਲੋਂ ਕਬਜ਼ਾਏ ਗਏ ਯੂਕ੍ਰੇਨੀ ਇਲਾਕੇ ਖੇਰਸਨ ਬੰਦਰਗਾਹ ਨੂੰ ਮੁੜ ਤੋਂ ਆਪਣੇ ਕਬਜ਼ੇ ’ਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਲੱਗਦਾ ਹੈ ਕਿ ਪੁਤਿਨ ਹੁਣ ਹੋਰ ਸੱਤਾ ’ਚ ਰਹਿਣਗੇ ਕਿਉਂਕਿ ਰੂਸ ’ਚ ਇਸ ਗੱਲ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਕਿ ਅਗਲਾ ਰਾਸ਼ਟਰਪਤੀ ਕੌਣ ਹੋਵੇਗਾ?

ਕ੍ਰੀਮੀਆ ਦੇ ਚੀਫ ਆਫ ਡਿਫੈਂਸ ਇੰਟੈਲੀਜੈਂਸ ਦੇ ਮੇਜਰ ਜਨਰਲ ਕਾਇਰਲੋ ਬੁਡਾਨੋਵ ਨੇ ਕਿਹਾ ਕਿ ਯੂਕ੍ਰੇਨ ਨਵੰਬਰ ਦੇ ਅਖੀਰ ਤਕ ਖੇਰਸਨ ’ਤੇ ਮੁੜ ਤੋਂ ਕਬਜ਼ਾ ਕਰਨ ਦਾ ਟੀਚਾ ਬਣਾ ਰਿਹਾ ਹੈ। ਉਥੇ ਸਾਡੀ ਕੋਸ਼ਿਸ਼ ਰਹੇਗੀ ਕਿ ਕ੍ਰੀਮੀਆ ਨੂੰ ਵੀ ਰੂਸ ਤੋਂ ਵਾਪਸ ਲਿਆ ਜਾਵੇ। ਜ਼ਿਕਰਯੋਗ ਹੈ ਕਿ ਕ੍ਰੀਮੀਆ ਵੀ ਪਹਿਲਾਂ ਯੂਕ੍ਰੇਨ ਦਾ ਹੀ ਹਿੱਸਾ ਸੀ ਪਰ 2014 ’ਚ ਰੂਸ ਨੇ ਕ੍ਰੀਮੀਆ ’ਤੇ ਕਬਜ਼ਾ ਕਰ ਲਿਆ ਸੀ।

ਇਹ ਖ਼ਬਰ ਵੀ ਪੜ੍ਹੋ : ਫਿਲੀਪੀਨਜ਼ 'ਚ ਭਿਆਨਕ ਤੂਫਾਨ, ਘੱਟੋ-ਘੱਟ 100 ਲੋਕਾਂ ਦੀ ਮੌਤ (ਤਸਵੀਰਾਂ)

ਪਿਛਲੇ 9 ਮਹੀਨਿਆਂ ਤੋਂ ਚੱਲ ਰਹੇ ਇਸ ਯੁੱਧ ’ਚ ਸਤੰਬਰ ਦੀ ਸ਼ੁਰੂਆਤ ’ਚ ਪਹਿਲੀ ਵਾਰ ਯੂਕ੍ਰੇਨੀ ਫੌਜ ਦੇ ਹੱਥੋਂ ਰੂਸ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਰੂਸੀ ਰਾਸ਼ਟਰਪਤੀ ਪੁਤਿਨ ਨੂੰ 3 ਲੱਖ ਰਾਖਵੇਂ ਫੌਜੀਆਂ ਦੀ ਤਾਇਨਾਤੀ ਕਰਨੀ ਪਈ ਸੀ। ਪੁਤਿਨ ਨੇ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਰੂਸ ਆਪਣੀ ਰੱਖਿਆ ਲਈ ਕਿਸੇ ਵੀ ਹੱਦ ਤਕ ਜਾ ਸਕਦਾ ਹੈ।

ਹਾਲ ਹੀ ’ਚ ਰੂਸ ਨੇ ਮਿਜ਼ਾਈਲ ਤੇ ਡ੍ਰੋਨ ਹਮਲੇ ਨਾਲ ਯੂਕ੍ਰੇਨ ਦੇ ਬਿਜਲੀ ਘਰਾਂ ਤੇ ਪਾਵਰ ਪਲਾਂਟਾਂ ਨੂੰ ਤਬਾਹ ਕਰ ਦਿੱਤਾ ਹੈ। ਰਿਪੋਰਟ ਦੀ ਮੰਨੀਏ ਤਾਂ ਰੂਸ ਨੇ ਯੂਕ੍ਰੇਨ ਦੀ 40 ਫੀਸਦੀ ਤੋਂ ਵੱਧ ਬਿਜਲੀ ਪੈਦਾ ਕਰਨ ਦੀ ਸਮਰੱਥਾ ਨੂੰ ਖ਼ਤਮ ਕਰ ਦਿੱਤਾ ਹੈ, ਜਿਸ ਕਾਰਨ ਪੂਰੇ ਦੇਸ਼ ’ਚ ਬਲੈਕਆਊਟ ਹੋ ਗਿਆ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਰੂਸ ਦੇ ਹਵਾਈ ਹਮਲੇ ਕਾਰਨ ਦੇਸ਼ ਦੇ ਲਗਭਗ 40 ਲੱਖ ਲੋਕ ਹਨੇਰੇ ’ਚ ਜਿਊਣ ਲਈ ਮਜਬੂਰ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News