ਅਮਰੀਕਾ : ਬਾਈਡੇਨ ਪ੍ਰਸ਼ਾਸ਼ਨ ''ਚ ਭਾਰਤੀ ਮੂਲ ਦੀ ਪ੍ਰਮਿਲਾ ਜੈਪਾਲ ਨੂੰ ਮਿਲਿਆ ਮਹੱਤਵਪੂਰਨ ਅਹੁਦਾ

Thursday, Mar 04, 2021 - 06:00 PM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਬਾਈਡੇਨ ਪ੍ਰਸ਼ਾਸਨ ਦੇ ਸੱਤਾ ਵਿਚ ਆਉਣ ਮਗਰੋਂ ਕਈ ਭਾਰਤੀਆਂ ਨੂੰ ਵੱਡੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਹੁਣ ਇਸ ਸੂਚੀ ਵਿਚ ਭਾਰਤੀ-ਅਮਰੀਕੀ ਕਾਂਗਰੇਸਨਲ ਪ੍ਰਮਿਲਾ ਜੈਪਾਲ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਭਾਰਤੀ ਮੂਲ ਦੀ ਸਾਂਸਦ ਪ੍ਰਮਿਲਾ ਜੈਪਾਲ ਨੂੰ ਏਕਾਧਿਕਾਰ ਵਪਾਰ ਵਿਰੋਧੀ, ਵਪਾਰਕ ਅਤੇ ਪ੍ਰਬੰਧਕੀ ਕਾਨੂੰਨ 'ਤੇ ਸੰਸਦ ਦੀ ਉਪ ਕਮੇਟੀ ਦਾ ਉਪ ਚੇਅਰਮੈਨ ਬਣਾਇਆ ਗਿਆ ਹੈ। ਚੇਨਈ ਵਿਚ ਪੈਦਾ ਹੋਈ ਜੈਪਾਲ (55) ਏਕਾਧਿਕਾਰ ਵਪਾਰ ਵਿਰੋਧੀ ਕਾਰਵਾਈ, ਮੁਕਾਬਲੇਬਾਜ਼ੀ ਵਿਰੋਧੀ ਫ਼ੈਸਲਿਆਂ 'ਤੇ ਕੰਟਰੋਲ, ਏਕਾਧਿਕਾਰ ਜਮਾਉਣ ਵਾਲੇ ਰੁਝਾਨਾਂ ਨੂੰ ਰੋਕਣ ਅਤੇ ਵੱਡੀਆਂ ਤਕਨਾਲੋਜੀ ਕੰਪਨੀਆਂ ਨਾਲ ਜੁੜੇ ਉਪ ਕਮੇਟੀ ਦੇ ਲੋੜੀਂਦੇ ਕੰਮਾਂ ਨੂੰ ਦੇਖੇਗੀ। ਉਹ ਮੁਕਤ ਪ੍ਰੈੱਸ ਨੂੰ ਸੁਰੱਖਿਆ ਪ੍ਰਦਾਨ ਕਰਨ ਅਤੇ ਨਵੀਨਤਾ ਨਾਲ ਜੁੜੇ ਕੰਮਾਂ ਨੂੰ ਵੀ ਦੇਖੇਗੀ। ਮੀਡੀਆ ਵਿਚ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ।

ਪ੍ਰਮਿਲਾ ਨੇ ਕਹੀ ਇਹ ਗੱਲ
ਡੈਮੋਕ੍ਰੈਟਿਕ ਪਾਰਟੀ ਦੀ ਨੇਤਾ ਜੈਪਾਲ ਪ੍ਰਤੀਨਿਧੀ ਸਭਾ ਵਿਚ ਇਕਲੌਤੀ ਭਾਰਤੀ ਮੂਲ ਦੀ  ਮੈਂਬਰ ਹੈ। ਉਹਨਾਂ ਨੇ ਅਮਰੀਕਾ ਵਿਚ ਕਈ ਦਹਾਕਿਆਂ ਵਿਚ ਸਾਹਮਣੇ ਆਏ ਪਹਿਲੇ ਏਕਾਧਿਕਾਰ ਵਪਾਰ ਵਿਰੋਧੀ ਮਾਮਲੇ ਦੀ ਜਾਂਚ ਵਿਚ ਵੀ ਹਾਲ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ। ਜੈਪਾਲ ਨੇ ਇਕ ਬਿਆਨ ਵਿਚ ਕਿਹਾ,''ਏਕਾਧਿਕਾਰ ਵਪਾਰ ਵਿਰੋਧੀ, ਵਪਾਰਕ ਅਤੇ ਪ੍ਰਬੰਧਕੀ ਕਾਨੂੰਨ 'ਤੇ ਪ੍ਰਤੀਨਿਧੀ ਸਭਾ ਦਾ ਉਪ ਕਮੇਟੀ ਦੀ ਅਗਵਾਈ  ਦਾ ਮੌਕਾ ਮਿਲਣ 'ਤੇ ਮੈਂ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਏਕਾਧਿਕਾਰ ਵਪਾਰ ਵਿਰੋਧੀ ਕਾਨੂੰਨ ਤਿਆਰ ਕਰਨ ਦੇ ਲਿਹਾਜ ਨਾਲ ਇਹ ਮਹੱਤਵਪੂਰਨ ਸਮਾਂ ਹੈ।'' ਉਹਨਾਂ ਨੇ ਕਿਹਾ,''ਇਸ ਦੇ ਜ਼ਰੀਏ ਅਸੀਂ ਕਰਮਚਾਰੀਆਂ ਦੀ ਪੈਰਵੀ ਕਰਨ ਦੇ ਨਾਲ ਨਫਰਤ ਅਤੇ ਗਲਤ ਪ੍ਰਚਾਰ ਨੂੰ ਰੋਕਣ ਅਤੇ ਮੁਕਤ ਪ੍ਰੈੱਸ ਦੀ ਰੱਖਿਆ ਕਰਦਿਆਂ ਪ੍ਰਭਾਵਸ਼ਾਲੀ ਤਕਨਾਲੋਜੀ ਕੰਪਨੀਆਂ ਨੂੰ ਜਵਾਬਦੇਹ ਬਣਾਵਾਂਗੇ।'' 

ਪਿਛਲੇ ਸਾਲ ਜੁਲਾਈ ਵਿਚ ਜੈਪਾਲ ਨੇ ਤਿੰਨ ਵੱਡੀਆਂ ਤਕਨਾਲੋਜੀ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਸੀ। ਉਹਨਾਂ ਨੇ ਐਮਾਜ਼ਾਨ ਦੇ ਸਾਬਕਾ ਸੀ.ਈ.ਓ. ਜੈਫ ਬੇਜੋਸ, ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਅਤੇ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਤੋਂ ਸਵਾਲ ਪੁੱਛੇ ਸਨ। ਦਸੰਬਰ ਵਿਚ ਜੈਪਾਲ ਕਾਂਗਰੇਸਨਲ ਪ੍ਰੋਗ੍ਰੈਸਿਵ ਕੌਕਸ (ਸੀ.ਪੀ.ਸੀ.) ਦੀ ਪ੍ਰਧਾਨ ਚੁਣੀ ਗਈ ਸੀ। ਇਸ ਨਾਲ ਉਹ 117ਵੀਂ ਕਾਂਗਰਸ ਵਿਚ ਸਭ ਤੋਂ ਪ੍ਰਭਾਵਸ਼ਾਲੀ ਸਾਂਸਦਾਂ ਵਿਚੋਂ ਇਕ ਬਣ ਗਈ।

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਸੰਸਦ 'ਚ H-1B ਵੀਜ਼ਾਧਾਰਕ ਕਰਮਚਾਰੀਆਂ ਨਾਲ ਸਬੰਧਤ ਬਿੱਲ ਪੇਸ਼

ਜਾਣੋ ਪ੍ਰਮਿਲਾ ਬਾਰੇ
ਪ੍ਰਮਿਲਾ ਦਾ ਜਨਮ 1966 ਵਿਚ ਉਸ ਸਮੇਂ ਮਦਰਾਸ (ਚੇਨਈ ਦਾ ਪੁਰਾਣਾ ਨਾਮ) ਵਿਚ ਹੋਇਆ ਸੀ। ਉਹਨਾਂ ਦਾ ਜ਼ਿਆਦਾਤਰ ਸਮਾਂ ਇੰਡੋਨੇਸ਼ੀਆ ਅਤੇ ਸਿੰਗਾਪੁਰ ਵਿਚ ਬੀਤਿਆ। 1982 ਵਿਚ ਉਹ ਜਦੋਂ 16 ਸਾਲ ਦੀ ਸੀ ਉਦੋਂ ਅਮਰੀਕਾ ਆ ਗਈ ਸੀ। ਉਸ ਦੀ ਕਾਲਜ ਦੀ ਪੜ੍ਹਾਈ ਅਮਰੀਕਾ ਦੀ ਜੌਰਜਟਾਊਨ ਯੂਨੀਵਰਸਿਟੀ ਵਿਚ ਹੋਈ। ਇਸ ਮਗਰੋਂ ਉਹਨਾਂ ਨੇ ਨੌਰਥਵੈਸਟਰਨ ਯੂਨੀਵਰਸਿਟੀ ਤੋਂ ਐੱਮ.ਬੀ.ਏ. ਦੀ ਡਿਗਰੀ ਹਾਸਲ ਕੀਤੀ। ਇੱਥੋਂ ਡਿਗਰੀ ਹਾਸਲ ਕਰਨ ਮਗਰੋਂ ਉਹਨਾਂ ਨੇ ਕੁਝ ਸਮੇਂ ਤੱਕ ਫਾਈਨੈਂਸ਼ੀਅਲ ਐਨਾਲਿਸਟ ਮਤਲਬ ਵਿੱਤੀ ਵਿਸ਼ਲੇਸ਼ਕ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਦੇ ਇਲਾਵਾ ਉਹ ਸ਼ਿਕਾਗੋ ਅਤੇ ਥਾਈਲੈਂਡ ਦੇ ਵਿਕਾਸ ਪ੍ਰਾਜੈਕਟ ਨਾਲ ਵੀ ਜੁੜੀ। 

1991 ਵਿਚ ਪਬਲਿਕ ਸੈਕਟਰ ਨਾਲ ਜੁੜਨ ਤੋਂ ਪਹਿਲਾਂ ਉਹਨਾਂ ਨੇ ਮਾਰਕੀਟਿੰਗ, ਮੈਡੀਕਲ ਅਤੇ ਸੇਲਸ ਫੀਲਡ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਉਹਨਾਂ ਨੇ ਇਮੀਗ੍ਰੇਸ਼ਨ ਦੇ ਨਿਯਮਾਂ ਨੂੰ ਹੋਰ ਪਾਰਦਰਸ਼ੀ ਬਣਾਉਣ ਦੇ ਨਾਲ-ਨਾਲ ਇਹਨਾਂ ਨੂੰ ਲਚੀਲਾ ਬਣਾਉਣ ਦੀ ਵੀ ਕੋਸ਼ਿਸ਼ ਕੀਤੀ। ਬੁਸ਼ ਪ੍ਰਸ਼ਾਸਨ ਦੌਰਾਨ ਉਹ ਉਸ ਸਮੇਂ ਸੁਰਖੀਆਂ ਵਿਚ ਆਈ ਜਦੋਂ ਉਹਨਾਂ ਨੇ ਦੇਸ਼ਭਰ ਵਿਚ ਫੈਲੇ ਕਰੀਬ 4000 ਸੋਮਾਲੀਆ ਦੇ ਲੋਕਾਂ ਨੂੰ ਸੁਰੱਖਿਅਤ ਵਾਪਸ ਭੇਜਣ ਵਿਚ ਸਫਲਤਾ ਹਾਸਲ ਕੀਤੀ ਸੀ।ਇੱਥੇ ਦੱਸ ਦਈਏ ਕਿ 2020 ਵਿਚ ਹੋਈਆਂ ਚੋਣਾਂ ਵਿਚ ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਲਈ ਡੈਮੋਕ੍ਰੈਟਿਕ ਪਾਰਟੀ ਦੇ ਸਾਰੇ 4 ਭਾਰਤੀ ਮੂਲ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ। ਇਹਨਾਂ ਵਿਚ ਡਾਕਟਰ ਐਮੀ ਬੇਰਾ, ਪ੍ਰਮਿਲਾ ਜੈਪਾਲ, ਰੋਅ ਖੰਨਾ ਅਤੇ ਰਾਜਾ ਕ੍ਰਿਸ਼ਨਾਮੂਰਤੀ ਸ਼ਾਮਲ ਸਨ।

ਨੋਟ- ਪ੍ਰਮਿਲਾ ਜੈਪਾਲ ਉਪ ਕਮੇਟੀ ਦੀ ਉਪ ਚੇਅਰਮੈਨ ਨਿਯੁਕਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News