ਚੀਨ ’ਚ ਬਿਜਲੀ ਸੰਕਟ ਜਿਨਪਿੰਗ ਸਰਕਾਰ ਦੀ ਇਕ ‘ਸਾਜ਼ਿਸ਼’ ! ਫੈਕਟਰੀਆਂ ਦਾ ਕੰਮ ਹੋਇਆ ਠੱਪ
Tuesday, Oct 12, 2021 - 03:41 PM (IST)
ਬੀਜਿੰਗ : ਚੀਨ ’ਚ ਵੱਡੇ ਬਿਜਲੀ ਸੰਕਟ ਕਾਰਨ ਹਾਲਾਤ ਬਹੁਤ ਖਰਾਬ ਹਨ । ਚੀਨ ’ਚ ਬਿਜਲੀ ਦੀ ਖਪਤ ਆਮ ਦਰ ਤੋਂ ਲੱਗਭਗ ਦੁੱਗਣੀ ਵਧ ਰਹੀ ਹੈ, ਜਦਕਿ ਸੱਤਾਧਾਰੀ ਕਮਿਊਨਿਸਟ ਪਾਰਟੀ ਊਰਜਾ ਦੀ ਉਸੇ ਵਰਤੋਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੇਸ਼ ਦੇ ਕਈ ਹਿੱਸਿਆਂ ’ਚ ਜਿਥੇ ਉਦਯੋਗਿਕ ਇਕਾਈਆਂ ਠੱਪ ਹਨ, ਉਥੇ ਹੀ ਲੋਕ ਸਮਾਰਟਫੋਨ ਦੀ ਫਲੈਸ਼ਲਾਈਟ ਦੀ ਮਦਦ ਨਾਲ ਘਰ ਦੇ ਕੰਮ ਕਰ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਦੀ ਤਰ੍ਹਾਂ ਚੀਨ ਵੀ ਕੋਲੇ ਕਾਰਨ ਬਿਜਲੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦਰਅਸਲ, ਕੋਲੇ ਦੇ ਉਤਪਾਦਨ ’ਚ ਕਮੀ ਦੇ ਨਾਲ ਹੀ ਇਸ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ, ਜਦਕਿ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਜਿਨਪਿੰਗ ਸਰਕਾਰ ਨੇ ਸਾਜ਼ਿਸ਼ ਤਹਿਤ ਬਿਜਲੀ ਸੰਕਟ ਪੈਦਾ ਕੀਤਾ ਹੈ। ਚੀਨ ਅਜਿਹੇ ਸਮੇਂ ਬਿਜਲੀ ਕੱਟ ਰਿਹਾ ਹੈ, ਜਦੋਂ 12-13 ਅਕਤੂਬਰ ਨੂੰ ਕੁਨਮਿੰਗ (ਚੀਨੀ ਸ਼ਹਿਰ) ’ਚ ਸੰਯੁਕਤ ਰਾਸ਼ਟਰ ਵਾਤਾਵਰਣ ਸੰਮੇਲਨ ਹੋਣ ਵਾਲਾ ਹੈ, ਜਿਸ ’ਚ ਬਹੁਤ ਸਾਰੇ ਵਿਸ਼ਵ ਪੱਧਰੀ ਨੇਤਾ ਹਿੱਸਾ ਲੈਣਗੇ।
ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਮੀਟਿੰਗ ਦੀ ਮੇਜ਼ਬਾਨੀ ਕਰਨਗੇ। ਬਿਜਲੀ ਨੂੰ ਕਟੌਤੀ ਕਰ ਕੇ ਉਹ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਚੀਨ ਆਪਣੇ ਨਿਕਾਸ ਅਤੇ ਊਰਜਾ ਦੇ ਟੀਚਿਆਂ ਨੂੰ ਪੂਰਾ ਕਰਨ ’ਤੇ ਕਾਇਮ ਹੈ। ਅਰਥਸ਼ਾਸਤਰੀਆਂ ਦਾ ਇਹ ਵੀ ਕਹਿਣਾ ਹੈ ਕਿ ਅਧਿਕਾਰਤ ਟੀਚਿਆਂ ਨੂੰ ਪੂਰਾ ਕਰਨ ਲਈ ਊਰਜਾ ਦੀ ਵਰਤੋਂ ਘਟਾਉਣ ਲਈ ਅਧਿਕਾਰੀਆਂ ’ਤੇ ਦਬਾਅ ਹੈ। ਚੀਨ ’ਚ ਵਿਨਿਰਮਾਣ ਨਾਲ ਜੁੜਿਆ ਕੰਮ ਕਰਨ ਵਾਲੀਆਂ ਫੈਕਟਰੀਆਂ ਨੂੰ ਇਕ ਹਫ਼ਤੇ ਲਈ ਉਤਪਾਦਨ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ, ਜਿਸ ਨਾਲ ਸਮਾਰਟਫੋਨ ਅਤੇ ਹੋਰ ਉਪਕਰਣਾਂ ਦੀ ਵਿਸ਼ਵ ਪੱਧਰੀ ਸਪਲਾਈ ’ਚ ਵਿਘਨ ਪੈ ਸਕਦਾ ਹੈ। ਲੋਕ ਸੋਸ਼ਲ ਮੀਡੀਆ ’ਤੇ ਸਰਕਾਰ ਨੂੰ ਇਸ ਸਮੱਸਿਆ ਦਾ ਛੇਤੀ ਤੋਂ ਛੇਤੀ ਹੱਲ ਕਰਨ ਦੀ ਅਪੀਲ ਕਰ ਰਹੇ ਹਨ।
ਜਿਲਿਨ ਸੂਬੇ ਦੀ ਸਰਕਾਰ ਨੇ ਕੋਲੇ ਦੀ ਕਮੀ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਹੈ। ਇਥੋਂ ਦੀ ਸਰਕਾਰ ਨੇ ਸੋਮਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਗਵਰਨਰ ਵਾਧੂ ਸਪਲਾਈ ਲਈ ਨੇੜਲੇ ਮੰਗੋਲੀਆ ’ਚ ਖਾਨਾਂ ਦਾ ਦੌਰਾ ਕਰਨਗੇ। ਚੀਨ ਦੇ ਸਭ ਤੋਂ ਵੱਡੇ ਵਿਨਿਰਮਾਣ ਕੇਂਦਰ ਗੁਆਂਗਡੋਂਗ ਸੂਬੇ ਦੀ ਸਰਕਾਰ ਨੇ ਪਣ-ਬਿਜਲੀ ਭੰਡਾਰਾਂ ’ਚ ਊਰਜਾ ਦੀ ਵਰਤੋਂ ਦੀਆਂ ਸੀਮਾਵਾਂ ਅਤੇ ਘੱਟ ਪਾਣੀ ਦੇ ਪੱਧਰ ਦੋਵਾਂ ਦਾ ਹਵਾਲਾ ਦਿੱਤਾ ਹੈ, ਜੋ ਸੂਬੇ ਦੀ ਬਿਜਲੀ ਦਾ ਵੱਡਾ ਹਿੱਸਾ ਪ੍ਰਦਾਨ ਕਰਦੇ ਹਨ।