ਵੈਟੀਕਨ ਨੇ ਪੋਪ ਫ੍ਰਾਂਸਿਸ ਦੀ ਹੈਲਥ ਅਪਡੇਟ ਕੀਤੀ ਜਾਰੀ
Sunday, Feb 23, 2025 - 05:57 PM (IST)

ਰੋਮ (ਏਜੰਸੀ)- ਪੋਪ ਫਰਾਂਸਿਸ ਸਾਹ ਦੀਆਂ ਸਮੱਸਿਆ ਅਤੇ ਖੂਨ ਚੜ੍ਹਾਉਣ ਤੋਂ ਬਾਅਦ ਰਾਤ ਨੂੰ ਆਰਾਮ ਨਾਲ ਸੁੱਤੇ। ਇਹ ਜਾਣਕਾਰੀ ਐਤਵਾਰ ਨੂੰ ਵੈਟੀਕਨ ਨੇ ਦਿੱਤੀ। ਪੋਪ ਫ੍ਰਾਂਸਿਸ ਫੇਫੜਿਆਂ ਦੀ ਲਾਗ ਨਾਲ ਸਬੰਧਤ ਪੇਚੀਦਗੀਆਂ ਕਾਰਨ ਗੰਭੀਰ ਸਿਹਤ ਸਥਿਤੀ ਤੋਂ ਪੀੜਤ ਹਨ। ਵੈਟੀਕਨ ਦੇ ਬੁਲਾਰੇ ਮੈਟੀਓ ਬਰੂਨੀ ਦੇ ਇੱਕ-ਲਾਈਨ ਬਿਆਨ ਵਿੱਚ ਇਹ ਜ਼ਿਕਰ ਨਹੀਂ ਕੀਤਾ ਗਿਆ ਕਿ ਫ੍ਰਾਂਸਿਸ ਨੇ ਨਾਸ਼ਤਾ ਕੀਤਾ ਸੀ ਜਾਂ ਨਹੀਂ। ਪਰ ਰਾਤ ਸ਼ਾਂਤੀ ਨਾਲ ਬੀਤ ਗਈ ਅਤੇ ਪੋਪ ਆਰਾਮ ਨਾਲ ਸੁੱਤੇ। ਇਹ ਸੰਖੇਪ ਅਪਡੇਟ ਡਾਕਟਰਾਂ ਦੇ ਇਹ ਕਹਿਣ ਤੋਂ ਬਾਅਦ ਆਇਆ ਹੈ ਕਿ 88 ਸਾਲਾ ਫ੍ਰਾਂਸਿਸ ਦੀ ਹਾਲਤ ਗੰਭੀਰ ਹੈ।
ਜਵਾਨੀ ਵਿਚ ਪੋਪ ਦੇ ਫੇਫੜੇ ਦਾ ਇੱਕ ਹਿੱਸਾ ਕੱਢ ਦਿੱਤਾ ਗਿਆ ਸੀ। ਪੋਪ ਨੂੰ ਸ਼ਨੀਵਾਰ ਸਵੇਰੇ ਨਮੂਨੀਆ ਅਤੇ ਲੰਬੇ ਸਮੇਂ ਤੋਂ ਦਮੇ ਕਾਰਨ ਫੇਫੜਿਆਂ ਦੀ ਇੱਕ ਗੁੰਝਲਦਾਰ ਲਾਗ ਦੇ ਇਲਾਜ ਦੌਰਾਨ ਸਾਹ ਲੈਣ ਵਿੱਚ ਤਕਲੀਫ਼ ਹੋਈ। ਪੋਪ ਨੂੰ ਸਾਹ ਲੈਣ ਵਿੱਚ ਮਦਦ ਕਰਨ ਲਈ ਆਕਸੀਜਨ ਦਿੱਤੀ ਗਈ। ਵੈਟੀਕਨ ਨੇ ਬਾਅਦ ਵਿੱਚ ਇੱਕ ਅਪਡੇਟ ਵਿੱਚ ਕਿਹਾ ਕਿ ਟੈਸਟਾਂ ਵਿੱਚ ਪਲੇਟਲੈਟਸ ਦੀ ਘੱਟ ਗਿਣਤੀ ਦਿਖਾਈ ਦੇਣ ਤੋਂ ਬਾਅਦ ਉਨ੍ਹਾਂ ਨੂੰ ਖੂਨ ਚੜ੍ਹਾਇਆ ਗਿਆ। ਪੋਪ ਫ੍ਰਾਂਸਿਸ ਨੂੰ 14 ਫਰਵਰੀ ਨੂੰ 'ਬ੍ਰੌਨਕਾਈਟਿਸ' ਕਾਰਨ ਜੇਮੈਲੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।