ਬੰਗਲਾਦੇਸ਼ ’ਚ ਹਸੀਨਾ ਸਰਕਾਰ ਖਿਲਾਫ ਸੜਕਾਂ ’ਤੇ ਉਤਰੀ ਵਿਰੋਧੀ ਧਿਰ ਖਾਲਿਦਾ ਦੀ ਪਾਰਟੀ, ਭਾਰੀ ਹਿੰਸਾ
Sunday, Oct 29, 2023 - 01:43 PM (IST)
ਢਾਕਾ, (ਏ. ਐੱਨ. ਆਈ.)- ਬੰਗਲਾਦੇਸ਼ ਦੀ ਮੁੱਖ ਵਿਰੋਧੀ ਪਾਰਟੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐੱਨ. ਪੀ.) ਸੱਤਾਧਾਰੀ ਅਵਾਮੀ ਲੀਗ ਸਰਕਾਰ ਦੇ ਖ਼ਿਲਾਫ਼ ਸੜਕਾਂ ’ਤੇ ਉਤਰ ਆਈ ਹੈ ਅਤੇ ਉਸ ਦੇ ਹਮਾਇਤੀਆਂ ਦੀ ਹਿੰਸਾ ਨਾਲ ਰਾਜਧਾਨੀ ’ਚ ਹਾਲਾਤ ਵਿਗੜ ਗਏ ਹਨ। ਅਵਾਮੀ ਲੀਗ ਦੇ ਹਮਾਇਤੀ ਪੁਲਸ ਮੁਲਾਜ਼ਮਾਂ ਨੂੰ ਸੜਕਾਂ ’ਤੇ ਘੇਰ ਕੇ ਉਨ੍ਹਾਂ ਦੀ ਕੁੱਟਮਾਰ ਕਰ ਰਹੇ ਹਨ ਅਤੇ ਹਿੰਸਾ ’ਚ ਹੁਣ ਤੱਕ ਇਕ ਪੁਲਸ ਮੁਲਾਜ਼ਮ ਦੀ ਜਾਨ ਚਲੀ ਗਈ ਅਤੇ ਸੁਰੱਖਿਆ ਕਰਮਚਾਰੀਆਂ ਸਮੇਤ 200 ਤੋਂ ਵੱਧ ਹੋਰ ਲੋਕ ਜ਼ਖਮੀ ਹੋ ਗਏ ਹਨ।
ਦੇਸ਼ ’ਚ ਜਨਵਰੀ ’ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਤਣਾਅ ਵਧ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਅਗਵਾਈ ਵਾਲੀ ਬੀ. ਐੱਨ. ਪੀ. ਨੇ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਇੱਥੇ ਵਿਸ਼ਾਲ ਰੈਲੀ ਕੱਢੀ। ਉਸ ਦਾ ਕਹਿਣਾ ਹੈ ਕਿ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਪ੍ਰਧਾਨ ਮੰਤਰੀ ਦਾ ਅਸਤੀਫਾ ਅਤੇ ਗੈਰ-ਪਾਰਟੀ ਅੰਤਰਿਮ ਸਰਕਾਰ ਦਾ ਗਠਨ ਜ਼ਰੂਰੀ ਹੈ।
ਢਾਕਾ ਮੈਟਰੋਪਾਲੀਟਨ ਪੁਲਸ ਦੇ ਬੁਲਾਰੇ ਫਾਰੂਕ ਹੁਸੈਨ ਨੇ ਕਿਹਾ ਕਿ ਇੱਥੇ ਬੀ. ਐੱਨ. ਪੀ. ਵਰਕਰਾਂ ਨੇ ਕਿਸੇ ਤੇਜ਼ਧਾਰ ਚੀਜ਼ ਨਾਲ ਵਾਰ ਕਰ ਕੇ ਇਕ ਪੁਲਸ ਕਾਂਸਟੇਬਲ ਦੀ ਹੱਤਿਆ ਕਰ ਦਿੱਤੀ, ਜਦਕਿ ਝੜਪ ’ਚ 41 ਹੋਰ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ।
ਪ੍ਰਦਰਸ਼ਨਕਾਰੀਆਂ ਨੇ ਹਸਪਤਾਲ ਅਤੇ ਪੁਲਸ ਚੌਕੀ ਦੇ ਅੰਦਰ ਐਂਬੂਲੈਂਸਾਂ ਅਤੇ ਵਾਹਨਾਂ ਨੂੰ ਅੱਗ ਲਾ ਦਿੱਤੀ ਅਤੇ ਕਈ ਸਰਕਾਰੀ ਇਮਾਰਤਾਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਕਾਕਰੇਲ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ’ਚ ਵੱਡੀ ਹਿੰਸਾ ਨਜ਼ਰ ਆਈ। ਪੁਲਸ ਨੇ ਬੀ. ਐੱਨ. ਪੀ. ਦੀ ਵਿਸ਼ਾਲ ਰੈਲੀ ਨੂੰ ਖ਼ਤਮ ਕਰਨ ਲਈ ਰਬੜ ਦੀਆਂ ਗੋਲੀਆਂ, ਅੱਥਰੂ ਗੈਸ ਦੇ ਗੋਲੇ ਅਤੇ ਸਾਊਂਡ ਗ੍ਰਨੇਡ ਦਾਗੇ।
ਪ੍ਰਧਾਨ ਮੰਤਰੀ ਹਸੀਨਾ ਦੀ ਸੱਤਾਧਾਰੀ ਅਵਾਮੀ ਲੀਗ ਪਾਰਟੀ ਨੇ ਵੀ ਆਪਣੇ ਹਜ਼ਾਰਾਂ ਹਮਾਇਤੀਆਂ ਨੂੰ ਇਕਜੁੱਟ ਕਰਦੇ ਹੋਏ ਬੈਤੂਲ ਮੋਕਰਰਾਮ ਨੇਸ਼ਨ ਮਸਜਿਦ ਦੇ ਦੱਖਣੀ ਗੇਟ ’ਤੇ ਸ਼ਾਂਤੀ ਰੈਲੀ ਕੱਢੀ। ਲਗਭਗ ਉਸੇ ਸਮੇਂ ਬੀ. ਐੱਨ. ਪੀ. ਵਰਕਰ ਪਾਰਟੀ ਦੇ ਨਵੇਂ ਪਲਟਨ ਕੇਂਦਰੀ ਦਫ਼ਤਰ ਦੇ ਆਲੇ-ਦੁਆਲੇ ਪ੍ਰਦਰਸ਼ਨ ਕਰ ਰਹੇ ਸਨ। ਇਹ ਦੋਵੇਂ ਥਾਵਾਂ ਢਾਕਾ ਦੇ ਮੁੱਖ ਇਲਾਕਿਆਂ ’ਚ ਹਨ।
ਪੁਰਾਣਾ ਪਲਟਨ ਖੇਤਰ ’ਚ ਦੰਗਾ ਰੋਕੂ ਪੁਲਸ ਨੇ ਦੋਵਾਂ ਪਾਰਟੀਆਂ ਦੇ ਵਰਕਰਾਂ ’ਚ ਝੜਪਾਂ ਨੂੰ ਰੋਕਣ ਲਈ ਬਫਰ ਜ਼ੋਨ ਬਣਾ ਦਿੱਤਾ ਸੀ। ਇਨ੍ਹਾਂ ਵਰਕਰਾਂ ਦੇ ਹੱਥਾਂ ’ਚ ਡੰਡੇ ਅਤੇ ਪੱਥਰ ਸਨ।