ਅਣਪਛਾਤੇ ਹਮਲਾਵਰਾਂ ਵੱਲੋਂ ਕੀਤੀ ਗਈ ਗੋਲੀਬਾਰੀ ''ਚ ਪੁਲਸ ਅਧਿਕਾਰੀ ਦੀ ਮੌਤ

07/21/2017 6:04:11 AM

ਕਾਹਿਰਾ— ਗ੍ਰਹਿ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ 'ਚ ਦੱਸਿਆ ਗਿਆ ਕਿ ਕਾਹਿਰਾ-ਫੇਊਮ ਰਿੰਗ ਰੋਡ 'ਤੇ ਕੁਝ ਅਣਪਛਾਤੇ ਹਮਲਾਵਰਾਂ ਨੇ ਤਿੰਨ ਪੁਲਸ ਦੀਆਂ ਗੱਡੀਆਂ ਨੂੰ ਨਿਸ਼ਾਨਾ ਬਣਾ ਕੇ ਅੰਨੇਵਾਹ ਗੋਲੀਬਾਰੀ ਕੀਤੀ। ਜਿਸ ਕਾਰਨ ਇਸ ਹਮਲੇ 'ਚ ਇਕ ਪੁਲਸ ਅਧਿਕਾਰੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਜ਼ਖਮੀ ਹੋਏ ਪੁਲਸ ਕਰਮਚਾਰੀਆਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਭੇਜ ਦਿੱਤਾ ਗਿਆ। ਇਲਾਕੇ 'ਚ ਗੋਲੀਬਾਰੀ ਤੋਂ ਬਾਅਦ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਲਈ ਸਰਚ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਜਨਵਰੀ 2011 'ਚ ਮਿਸਰ ਦੇ ਸਾਬਕਾ ਰਾਸ਼ਟਰਪਤੀ ਹੋਸਨੀ ਮੁਬਾਰਕ ਦੀ ਹਾਰ ਤੋਂ ਬਾਅਦ ਮਿਸਰ 'ਚ ਕਈ ਅੱਤਵਾਦੀ ਹਮਲੇ ਹੋਏ ਹਨ। ਇਨ੍ਹਾਂ ਹਮਲਿਆਂ 'ਚ ਜ਼ਿਆਦਾਤਰ ਪੁਲਸ ਅਤੇ ਫੌਜੀ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਕ ਵੱਡੇ ਵਿਰੋਧ ਪ੍ਰਦਰਸ਼ਨ ਦੇ ਬਾਅਦ ਸਾਲ 2013 'ਚ ਇਸਲਾਮਿਕ ਸਾਬਕਾ ਰਾਸ਼ਟਰਪਤੀ ਮੁਹੰਮਦ ਮੋਰਸੀ ਨੂੰ ਫੌਜੀਆਂ ਵੱਲੋਂ ਬਾਹਰ ਕੱਢੇ ਜਾਣ ਤੋਂ ਬਾਅਦ ਇਨ੍ਹਾਂ ਹਮਲਿਆਂ 'ਚ ਵਾਧਾ ਹੋਇਆ। ਉਦੋਂ ਤੋਂ ਹੁਣ ਤੱਕ ਸੈਂਕੜੇ ਪੁਲਸ ਅਤੇ ਫੌਜੀ ਜਵਾਨਾਂ ਦੀ ਹੱਤਿਆ ਹੋਈ ਹੈ।


Related News