ਪਾਕਿ ''ਚ ਪੁਲਸ ਕਰਮੀਆਂ ''ਤੇ ਨਾਗਰਿਕਾਂ ਨੂੰ ਅਗਵਾ ਕਰਨ ਅਤੇ ਜ਼ਬੂਰੀ ਵਸੂਲੀ ਦਾ ਮਾਮਲਾ ਦਰਜ
Sunday, Jan 23, 2022 - 05:23 PM (IST)
ਇਸਲਾਮਾਬਾਦ (ਏ.ਐਨ.ਆਈ.) ਪਾਕਿਸਤਾਨ ਵਿੱਚ ਜਨਤਾ ਦੇ ਰਾਖੇ ਹੀ ਉਨ੍ਹਾਂ ਨੂੰ ਖਾਣ ਵਾਲੇ ਬਣ ਗਏ। ਜਾਣਕਾਰੀ ਮੁਤਾਬਕ, ਇਸਲਾਮਾਬਾਦ ਦੇ ਚਾਰ ਪੁਲਸ ਮੁਲਾਜ਼ਮਾਂ 'ਤੇ ਦੇਸ਼ ਦੇ ਤਿੰਨ ਨਾਗਰਿਕਾਂ ਨੂੰ ਅਗਵਾ ਕਰਨ ਅਤੇ ਜਬਰੀ ਵਸੂਲੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਪੁਲਸ ਮੁਲਾਜ਼ਮਾਂ ਨੇ ਇਨ੍ਹਾਂ ਨਾਗਰਿਕਾਂ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਸੀ। ਇਸ ਪੂਰੀ ਘਟਨਾ ਦੀ ਜਾਣਕਾਰੀ ਐਤਵਾਰ ਨੂੰ ਸਥਾਨਕ ਮੀਡੀਆ ਨੇ ਦਿੱਤੀ।
ਪੀੜਤਾਂ ਨੇ ਦਿੱਤੀ ਜਾਣਕਾਰੀ
ਪਾਕਿਸਤਾਨੀ ਅਖ਼ਬਾਰ ਡਾਨ ਦੀ ਰਿਪੋਰਟ ਮੁਤਾਬਕ ਅਗਵਾ ਅਤੇ ਜਬਰੀ ਵਸੂਲੀ ਵਿੱਚ ਸ਼ਾਮਲ ਅਧਿਕਾਰੀਆਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਬਾਕੀ ਲੁਕੇ ਹੋਏ ਹਨ। ਇਸ ਤੋਂ ਇਲਾਵਾ ਮੋਟਰਸਾਈਕਲ ਸਵਾਰ ਤੋਂ ਰਿਸ਼ਵਤ ਲੈਣ ਦੇ ਦੋਸ਼ ਵਿੱਚ ਤਿੰਨ ਹੋਰ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਘਟਨਾਵਾਂ ਦੀ ਜਾਣਕਾਰੀ ਪੀੜਤਾਂ ਨੇ ਇੱਕ ਖੁੱਲ੍ਹੀ ਅਦਾਲਤ ਵਿੱਚ ਸਿੱਧੇ ਇੰਸਪੈਕਟਰ ਜਨਰਲ ਆਫ਼ ਪੁਲਸ (ਆਈਜੀਪੀ) ਇਸਲਾਮਾਬਾਦ ਮੁਹੰਮਦ ਅਹਿਸਾਨ ਯੂਨਸ ਨੂੰ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ - ਇਟਲੀ ਪਹੁੰਚਿਆ ਸੀਰੀਆ ਦਾ ਸ਼ਰਨਾਰਥੀ ਪਰਿਵਾਰ, ਪਿਤਾ ਅਤੇ ਪੁੱਤ ਦੀ ਵਾਇਰਲ ਤਸਵੀਰ ਦੇਖ ਭਾਵੁਕ ਹੋਏ ਲੋਕ
ਇਹ ਹੈ ਪੂਰਾ ਮਾਮਲਾ
ਕੇਪੀ ਦੇ ਖੈਬਰ ਜ਼ਿਲ੍ਹੇ ਵਸਨੀਕ ਇਰਫਾਨਉੱਲ੍ਹਾ ਨੇ ਆਈਜੀਪੀ ਮੁਹੰਮਦ ਅਹਿਸਾਨ ਯੂਨਸ ਨੂੰ ਸ਼ਿਕਾਇਤ ਕੀਤੀ ਕਿ ਉਹ ਆਪਣੇ ਦੋਸਤਾਂ ਮੁਹੰਮਦ ਫਯਾਜ਼ ਅਤੇ ਮੁਹੰਮਦ ਅਲੀ ਨਾਲ ਇੱਕ ਕਾਰ ਵਿੱਚ ਮੁਰੀ ਜਾ ਰਿਹਾ ਸੀ। ਜਿੱਥੇ ਉਸ ਨੂੰ ਰਾਜਧਾਨੀ ਇਸਲਾਮਾਬਾਦ ਦੀ ਪੁਲਸ ਦੀ ਵਰਦੀ ਵਿੱਚ ਸਜੇ ਇੱਕ ਪ੍ਰਾਈਵੇਟ ਆਲਟੋ ਸਵਾਰ ਤਿੰਨ ਵਿਅਕਤੀਆਂ ਨੇ ਸੰਜਾਨੀ ਦੇ ਟੋਲ ਪਲਾਜ਼ਾ 'ਤੇ ਰੋਕ ਲਿਆ। ਇਰਫਾਨਉੱਲ੍ਹਾ ਨੇ ਅੱਗੇ ਦੱਸਿਆ ਕਿ ਆਲਟੋ ਦੇ ਸ਼ੀਸ਼ੇ ਪੇਂਟ ਕੀਤੇ ਗਏ ਸਨ ਅਤੇ ਬਿਨਾਂ ਰਜਿਸਟ੍ਰੇਸ਼ਨ ਪਲੇਟ ਦੇ ਸਨ। ਉਸ ਨੇ ਅੱਗੇ ਦੱਸਿਆ ਕਿ ਪੁਲਸ ਵਾਲੇ ਉਸ ਦੇ ਹੱਥ ਬੰਨ੍ਹ ਕੇ ਉਸ ਨੂੰ ਬੰਧਕ ਬਣਾ ਕੇ ਲੈ ਗਏ ਅਤੇ ਉਸ ਨੂੰ ਆਪਣੀ ਕਾਰ ਨਾਲ ਕੱਸ ਕੇ ਬੰਨ੍ਹ ਕੇ ਉਸ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ।ਉਸ ਨੇ ਆਪਣੇ ਨਾਲ ਵਾਪਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਵਾਲੇ ਉਸ ਨੂੰ ਬੰਦੀ ਬਣਾ ਕੇ ਫਲੈਟ 'ਤੇ ਲੈ ਗਏ ਅਤੇ ਉਸਦੇ ਖ਼ਿਲਾਫ਼ ਝੂਠਾ ਕੇਸ ਦਰਜ ਕਰਨ ਸਮੇਤ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਬਾਅਦ ਵਿੱਚ ਪੁਲਸ ਮੁਲਾਜ਼ਮਾਂ ਨੇ ਰਿਹਾਅ ਕਰਨ ਲਈ 10 ਲੱਖ ਰੁਪਏ ਦੀ ਮੰਗ ਕੀਤੀ।
ਪੀੜਤ ਨੇ ਆਜ਼ਾਦ ਹੋਣ ਲਈ ਦਿੱਤੇ 10 ਲੱਖ ਰੁਪਏ
ਡਾਨ ਦੀ ਰਿਪੋਰਟ ਮੁਤਾਬਕ ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਬਹੁਤ ਡਰਿਆ ਹੋਇਆ ਸੀ ਅਤੇ ਉਸ ਨੇ ਆਪਣੇ ਪਰਿਵਾਰ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੂੰ ਰਕਮ ਦਾ ਇੰਤਜ਼ਾਮ ਕਰਕੇ ਰਾਜਧਾਨੀ ਲਿਆਉਣ ਲਈ ਕਿਹਾ। ਬਾਅਦ ਵਿੱਚ ਪੀੜਤ ਪਰਿਵਾਰਾਂ ਵੱਲੋਂ ਪੁਲਸ ਮੁਲਾਜ਼ਮਾਂ ਨੂੰ 10 ਲੱਖ ਰੁਪਏ ਦਿੱਤੇ ਗਏ।