ਪੁਲਸ ਦੀ ਛਾਪੇਮਾਰੀ ਦੌਰਾਨ ਇਮਰਾਨ ਖਾਨ ਦੀ ਪਾਰਟੀ ਦੇ ਸੂਚਨਾ ਸਕੱਤਰ ਗ੍ਰਿਫਤਾਰ
Monday, Jul 22, 2024 - 05:03 PM (IST)
ਇਸਲਾਮਾਬਾਦ : ਪਾਕਿਸਤਾਨ ਪੁਲਸ ਨੇ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇੰਸਾਫ (ਪੀਟੀਆਈ) ਦੇ ਸੂਚਨਾ ਸਕੱਤਰ ਰਾਊਫ ਹਸਨ ਨੂੰ ਪਾਰਟੀ ਦੇ ਕੇਂਦਰੀ ਸਕੱਤਰੇਤ 'ਤੇ ਛਾਪੇਮਾਰੀ ਦੌਰਾਨ ਗ੍ਰਿਫਤਾਰ ਕਰ ਲਿਆ ਹੈ। ਸ਼ੁਰੂਆਤ ਵਿਚ ਇਹ ਖਬਰ ਆਈ ਸੀ ਕਿ ਪੀਟੀਆਈ ਦੇ ਚੇਅਰਮੈਨ ਗੌਹਰ ਅਲੀ ਖਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਹਾਲਾਂਕਿ ਪਾਰਟੀ ਬੁਲਾਰੇ ਜ਼ੁਲਫੀ ਬੁਖਾਰੀ ਨੇ ਖਾਨ ਦੀ ਗ੍ਰਿਫਤਾਰੀ ਦੀ ਖਬਰ ਨੂੰ ਖਾਰਿਜ ਕਰ ਦਿੱਤਾ, ਜਦਕਿ ਹਸਨ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਇਹ ਸਪੱਸ਼ਟ ਨਹੀਂ ਹੈ ਕਿ ਹਸਨ ਦੇ ਖਿਲਾਫ ਕੀ ਦੋਸ਼ ਹਨ। ਹਸਨ 'ਤੇ ਕੁਝ ਛੇ ਮਹੀਨੇ ਪਹਿਲਾਂ ਅਣਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ ਸੀ, ਜਿਸ ਨਾਲ ਉਨ੍ਹਾਂ ਦੇ ਚਿਹਰੇ 'ਤੇ ਸੱਟ ਲੱਗੀ ਸੀ। ਪਾਰਟੀ ਨੇ ਐਕਸ 'ਤੇ ਇਕ ਪੋਸਟ ਵਿਚ ਹਸਨ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ ਹੈ ਤੇ ਇਸਲਾਮਾਬਾਦ ਪੁਲਸ ਦੀ ਕਾਰਵਾਈ ਦੀ ਵੀ ਨਿਖੇਧੀ ਕੀਤੀ ਹੈ। ਪਾਰਟੀ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਸ਼ਰਮਨਾਕ ਹੈ ਕਿ ਇਸਲਾਮਾਬਾਦ ਪੁਲਸ ਇਸ ਦੇਸ਼ ਦੇ ਹਰ ਕਾਨੂੰਨ ਦਾ ਪੂਰੀ ਤਰ੍ਹਾਂ ਨਾਲ ਮਜ਼ਾਕ ਬਣਾ ਰਹੀ ਹੈ ਤੇ ਉਸ ਦੀ ਉਲੰਘਣਾ ਕੀਤੀ ਜਾ ਰਹੀ ਹੈ।
ਪੀਟੀਆਈ ਨੇਤਾ ਖੁਰੱਮ ਸ਼ੇਰ ਜਮਾਂ ਨੇ ਦਾਅਵਾ ਕੀਤਾ ਕਿ ਪੁਲਸ ਕਰਮਚਾਰੀ ਪਾਰਟੀ ਦੇ ਦਫਤਰ ਤੋਂ ਦਸਤਾਵੇਜ਼ ਤੇ ਉਪਕਰਨ ਜ਼ਬਤ ਕਰ ਰਹੇ ਹਨ।