ਪਾਕਿ ਦੀ ਨਾਪਾਕ ਹਰਕਤ, ਕੋਰੋਨਾ ਸੰਕਟ ਵਿਚਕਾਰ 150 ਤੋਂ ਵੱਧ ਡਾਕਟਰ ਕੀਤੇ ਗ੍ਰਿਫਤਾਰ
Monday, Apr 06, 2020 - 06:17 PM (IST)
ਕੁਏਟਾ : ਕੋਵਿਡ-19 ਦੀ ਮਾਰ ਝੱਲ ਰਹੀ ਦੁਨੀਆ ਵਿਚ ਜਿੱਥੇ ਡਾਕਟਰਾਂ ਦਾ ਹੌਂਸਲਾ ਵਧਾਉਣ ਲਈ ਕਦਮ ਚੁੱਕੇ ਜਾ ਰਹੇ ਹਨ, ਉੱਥੇ ਹੀ ਇਸ ਵਿਚਕਾਰ ਬਲੋਚਿਸਤਾਨ ਦੀ ਰਾਜਧਾਨੀ ਕੁਏਟਾ ਵਿਚ ਪਾਕਿਸਤਾਨੀ ਪੁਲਸ ਨੇ ਸੋਮਵਾਰ ਨੂੰ 150 ਤੋਂ ਵੱਧ ਡਾਕਟਰਾਂ ਤੇ ਮੈਡੀਕਲ ਸਟਾਫ ਨੂੰ ਗ੍ਰਿਫਤਾਰ ਕੀਤਾ ਹੈ। ਪਾਕਿ ਮੀਡੀਆ ਮੁਤਾਬਕ ਡਾਕਟਰ ਤੇ ਸਟਾਫ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਲਈ ਨਿੱਜੀ ਸੁਰੱਖਿਆ ਉਪਕਰਣਾਂ ਦੀ ਵਿਵਸਥਾ ਨਾ ਹੋਣ ਦਾ ਵਿਰੋਧ ਕਰ ਰਹੇ ਸਨ।
ਯੰਗ ਡਾਕਟਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਯਾਸਿਰ ਖਾਨ ਮੁਤਾਬਕ, 150 ਤੋਂ ਵੱਧ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਡਾਕਟਰ ਅਤੇ ਮੈਡੀਕਲ ਸਟਾਫ ਮੁੱਖ ਮੰਤਰੀ ਹਾਊਸ ਦੇ ਬਾਹਰ ਪ੍ਰਦਰਸ਼ਨ ਕਰਨ ਜਾ ਰਹੇ ਸਨ, ਜਦੋਂ ਪੁਲਸ ਨੇ ਉਨ੍ਹਾਂ 'ਤੇ ਲਾਠੀਚਾਰਜ ਕਰ ਦਿੱਤਾ। ਡਾ. ਖਾਨ ਨੇ ਪ੍ਰੈੱਸ ਕਾਨਫਰੰਸ ਵਿਚ ਮਰੀਜ਼ਾਂ ਦੀਆਂ ਸੇਵਾਵਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, “ਸਰਕਾਰ ਚਾਹੁੰਦੀ ਹੈ ਕਿ ਅਸੀਂ ਕੰਮ ਕਰੀਏ ਅਤੇ ਸਾਨੂੰ ਕੋਈ ਸੁਰੱਖਿਆ ਵੀ ਮੁਹੱਈਆ ਨਾ ਹੋਵੇ। (ਵਾਇਰਸ ਤੋਂ ਬਚਾਅ ਲਈ ਪ੍ਰੋਟੈਕਸ਼ਨ ਸੂਟ)।”
ਓਧਰ ਪੁਲਸ ਨੇ ਕਿਹਾ ਕਿ ਮੈਡੀਕਲ ਸਟਾਫ ਨੂੰ ਧਾਰਾ 144 ਦੀ ਉਲੰਘਣਾ ਕਰਨ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹੁਣ ਵੱਖਰੇ-ਵੱਖਰੇ ਥਾਣੇ ਭੇਜ ਦਿੱਤਾ ਗਿਆ ਹੈ। ਉੱਥੇ ਹੀ, ਇਸ ਦੌਰਾਨ, ਬਲੋਚਿਸਤਾਨ ਸਰਕਾਰ ਦੇ ਬੁਲਾਰੇ ਲਿਆਕਿਤ ਸ਼ਾਹਵਾਨੀ ਨੇ ਸਫਾਈ ਦਿੰਦੇ ਕਿਹਾ ਕਿ ਸਰਕਾਰ ਨੇ ਮੈਡੀਕਲ ਸਟਾਫ ਨੂੰ ਮੈਡੀਕਲ ਕਿੱਟਾਂ ਮੁਹੱਈਆ ਕਰਵਾਈਆਂ ਹਨ, ਸਿਰਫ ਸ਼ੀਲਡ ਵਾਲੇ ਚਸ਼ਮੇ ਗਾਇਬ ਹਨ। ਉਨ੍ਹਾਂ ਕਿਹਾ ਕਿ ਲੋੜੀਂਦੀਆਂ ਵਸਤਾਂ ਚੀਨ ਵਿਚ ਵੀ ਸੀਮਤ ਮਾਤਰਾ ਵਿਚ ਹਨ ਅਤੇ ਜਦੋਂ ਵੀ ਨਵੀਂ ਸਪਲਾਈ ਪ੍ਰਾਪਤ ਹੋਈ ਤਾਂ ਡਾਕਟਰਾਂ ਤੇ ਸਟਾਫ ਵਿਚ ਵੰਡ ਦਿੱਤੀ ਜਾਵੇਗੀ।