ਕਵੀ ਦਰਵਾਰ ਤੇ ਕਾਵਿ ਸੰਗ੍ਰਹਿ ''ਜੰਗ, ਜਸ਼ਨ ਤੇ ਜੁਗਨੂੰ'' ਲੋਕ ਅਰਪਣ ਸਮਾਰੋਹ 9 ਸਤੰਬਰ ਨੂੰ

09/04/2017 4:47:28 PM

ਬ੍ਰਿਸਬੇਨ(ਸੁਰਿੰਦਰਪਾਲ ਸਿੰਘ ਖੁਰਦ)— ਅਜੋਕੇ ਦੌਰ ਵਿਚ ਜਿੱਥੇ ਪੱਛਮੀ ਸੱਭਿਆਚਾਰ ਸਾਡੀ ਨੌਜਵਾਨ ਪੀੜ੍ਹੀ 'ਤੇ ਭਾਰੂ ਪੈ ਰਿਹਾ ਹੈ, ਉਥੇ ਹੀ ਵਿਦੇਸ਼ਾਂ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਨੌਜਵਾਨ ਸਾਹਿਤ ਪ੍ਰੇਮੀ ਹਮੇਸ਼ਾ ਹੀ ਸੱਭਿਆਚਾਰ ਤੇ ਸਾਹਿਤ ਨੂੰ ਪ੍ਰਫੁਲਿੱਤ ਕਰਨ ਲਈ ਨਿਰੰਤਰ ਸਾਧਨਾ ਕਰਦੇ ਰਹਿੰਦੇ ਹਨ। ਇਸੇ ਕੜੀ ਨੂੰ ਅੱਗੇ ਤੋਰਦਿਆਂ ਬ੍ਰਿਸਬੇਨ ਦੀ ਨਾਮਵਾਰ ਦਾਨੀ ਸੰਸਥਾ 'ਸੱਤਿਆ ਪਰੇਮਾ ਚੈਰੀਟੇਬਲ ਸਮਾਜ' ਵੱਲੋਂ ਤ੍ਰੈ-ਭਾਸ਼ਾਈ ਕਵੀ ਦਰਬਾਰ 9 ਸਤੰਬਰ ਦਿਨ ਸ਼ਨੀਵਾਰ ਨੂੰ ਸੰਨੀਬੈਕ ਕਮਿਊਨਿਟੀ ਸੈਂਟਰ ਵਿਖੇ ਸ਼ਾਮ ਨੂੰ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਾਹਿਤਕ ਸਮਾਰੋਹ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਟਰੱਸਟ ਦੀ ਤਰਜਮਾਨ ਸੋਮਾ ਨਾਇਰ ਤੇ ਸਭਾ ਦੇ ਜਨਰਲ ਸਕੱਤਰ ਸਰਬਜੀਤ ਸੋਹੀ ਨੇ ਦੱਸਿਆ ਕਿ ਇੰਡੋਜ਼ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਇਸ ਕਵੀ ਦਰਬਾਰ ਵਿਚ ਪੰਜਾਬੀ ਦੇ ਪ੍ਰਸਿੱਧ ਪ੍ਰਵਾਸੀ ਸ਼ਾਇਰ ਸੁੱਖਵਿੰਦਰ ਕੰਬੋਜ਼ ਦਾ ਕਾਵਿ ਸੰਗ੍ਰਹਿ 'ਜੰਗ, ਜਸ਼ਨ ਤੇ ਜੁਗਨੂੰ' ਲੋਕ ਅਰਪਣ ਕੀਤਾ ਜਾਵੇਗਾ। ਇਸ ਮੌਕੇ 'ਤੇ ਸਾਹਿਤ ਨਾਲ ਜੁੜੇ ਹੋਏ ਨਾਮਵਰ ਕਵੀਆਂ ਤੇ ਕਵਿੱਤਰੀਆਂ ਵੱਲੋਂ ਆਪਣੀਆਂ-ਆਪਣੀਆਂ ਰਚਨਾਵਾਂ ਤੇ ਸਾਹਿਤ 'ਤੇ ਵਿਚਾਰ ਵੀ ਕੀਤਾ ਜਾਵੇਗਾ। ਇਸ ਸਾਹਿਤਕ ਸ਼ਾਮ ਪ੍ਰਤੀ ਸਾਹਿਤ ਪ੍ਰੇਮੀਆਂ ਵਿਚ ਬਹੁਤ ਹੀ ਉਤਸ਼ਾਹ ਪਾਇਆ ਜਾ ਰਿਹਾ ਹੈ।


Related News