ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਆਬੇ ਦੇ ਸਰਕਾਰੀ ਅੰਤਿਮ ਸੰਸਕਾਰ 'ਚ ਸ਼ਾਮਲ ਹੋ ਸਕਦੇ ਹਨ PM ਮੋਦੀ

Thursday, Aug 25, 2022 - 11:37 AM (IST)

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਆਬੇ ਦੇ ਸਰਕਾਰੀ ਅੰਤਿਮ ਸੰਸਕਾਰ 'ਚ ਸ਼ਾਮਲ ਹੋ ਸਕਦੇ ਹਨ PM ਮੋਦੀ

ਟੋਕੀਓ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ 27 ਸਤੰਬਰ ਨੂੰ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਸਰਕਾਰੀ ਸੋਗ ਸਮਾਗਮ (ਸਰਕਾਰੀ ਅੰਤਿਮ ਸੰਸਕਾਰ) ਵਿਚ ਸ਼ਾਮਲ ਹੋ ਸਕਦੇ ਹਨ। ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਜਾਪਾਨੀ ਮੀਡੀਆ ਦੀ ਖ਼ਬਰ ਵਿਚ ਬੁੱਧਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਜਾਪਾਨ ਦੇ ਨਾਰਾ ਵਿਚ ਇਕ ਚੋਣ ਪ੍ਰਚਾਰ ਦੌਰਾਨ 8 ਜੁਲਾਈ ਨੂੰ ਇਕ ਭਾਸ਼ਣ ਦੇਣ ਦੌਰਾਨ ਆਬੇ (67) ਨੂੰ ਗੋਲੀ ਮਾਰ ਦਿੱਤੀ ਗਈ ਸੀ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ ਸੀ। 

ਸਮਾਚਾਰ ਏਜੰਸੀ 'ਕਿਓਡੋ' ਮੁਤਾਬਕ ਆਬੇ ਨਾਲ ਕਰੀਬੀ ਸਬੰਧ ਰੱਖਣ ਵਾਲੇ ਮੋਦੀ ਆਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨਾਲ ਮੁਲਾਕਾਤ ਕਰਨਗੇ। ਹਾਲਾਂਕਿ ਆਬੇ ਦੇ ਸਰਕਾਰੀ ਸੋਗ ਸਮਾਗਮ ਵਿਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਮੋਦੀ ਦੀ ਜਾਪਾਨ ਯਾਤਰਾ 'ਤੇ ਨਵੀਂ ਦਿੱਲੀ ਜਾਂ ਟੋਕੀਓ ਵਿਚ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਮਹੀਨੇ ਆਬੇ ਦੇ ਕਤਲ 'ਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ (ਆਬੇ ਨੇ) ਆਪਣਾ ਪੂਰਾ ਜੀਵਨ ਜਾਪਾਨ ਅਤੇ ਦੁਨੀਆ ਨੂੰ ਇਕ ਬਿਹਤਰ ਸਥਾਨ ਬਣਾਉਣ ਵਿਚ ਸਮਰਪਿਤ ਕਰ ਦਿੱਤਾ। 

ਮੋਦੀ ਨੇ ਇਕ ਟਵੀਟ ਵਿਚ ਕਿਹਾ ਸੀ, 'ਮੈਂ ਆਪਣੇ ਇਕ ਪਿਆਰੇ ਦੋਸਤ ਸ਼ਿੰਜੋ ਆਬੇ ਦੇ ਦਿਹਾਂਤ ਤੋਂ ਸਦਮੇ ਵਿਚ ਹਾਂ ਅਤੇ ਮੇਰੇ ਕੋਲ ਇਸ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ। ਉਹ ਇਕ ਚੋਟੀ ਦੇ ਗਲੋਬਲ ਰਾਜਨੇਤਾ, ਇਕ ਸ਼ਾਨਦਾਰ ਨੇਤਾ ਅਤੇ ਇਕ ਸ਼ਾਨਦਾਰ ਪ੍ਰਸ਼ਾਸਕ ਸਨ। ਉਨ੍ਹਾਂ ਨੇ ਜਾਪਾਨ ਅਤੇ ਦੁਨੀਆ ਨੂੰ ਇਕ ਬਿਹਤਰ ਸਥਾਨ ਬਣਾਉਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ।' ਖ਼ਬਰ ਮੁਤਾਬਕ ਜਾਪਾਨ ਅਤੇ ਭਾਰਤ 8 ਸਤੰਬਰ ਨੂੰ ਟੋਕੀਓ ਵਿਚ ਆਪਣੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਦੀ 'ਟੂ-ਪਲੱਸ-ਟੂ' ਸੁਰੱਖਿਆ ਵਾਰਤਾ ਦਾ ਦੂਜਾ ਦੌਰ ਆਯੋਜਿਤ ਕਰਨ ਦੀ ਯੋਜਨਾ ਬਣਾ ਰਹੇ ਹਨ। ਮੋਦੀ ਆਖਰੀ ਵਾਰ ਮਈ ਵਿੱਚ ਜਾਪਾਨ ਗਏ ਸਨ, ਜਦੋਂ ਉਹ ਕਿਸ਼ਿਦਾ ਵੱਲੋਂ ਆਯੋਜਿਤ ਕਵਾਡ ਸਮੂਹ ਦੇ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਏ ਸਨ। 


author

cherry

Content Editor

Related News