ਓਮੀਕਰੋਨ ਦੀ ਦਹਿਸ਼ਤ, ਬ੍ਰਿਟੇਨ 'ਚ ਤਾਲਾਬੰਦੀ ਨੂੰ ਲੈ ਕੇ PM ਜਾਨਸਨ ਦਾ ਅਹਿਮ ਬਿਆਨ
Wednesday, Dec 22, 2021 - 10:54 AM (IST)
ਲੰਡਨ (ਬਿਊਰੋ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕ੍ਰਿਸਮਸ ਤੋਂ ਪਹਿਲਾਂ ਦੇਸ਼ ਵਿਚ ਤਾਲਾਬੰਦੀ ਲਾਗੂ ਕਰਨ ਤੋਂ ਇਨਕਾਰ ਕੀਤਾ। ਉਹਨਾਂ ਨੇ ਕਿਹਾ ਕਿ ਓਮੀਕਰੋਨ ਨਾਲ ਸਬੰਧਤ ਡਾਟਾ ਦੀ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਅਗਲੇ ਹਫ਼ਤੇ ਸਖ਼ਤ ਉਪਾਵਾਂ ਦੀ ਲੋੜ ਹੈ ਜਾਂ ਨਹੀਂ।ਏਜੰਸੀ ਮੁਤਾਬਕ ਇਹ ਘੋਸ਼ਣਾ ਉਦੋਂ ਹੋਈ ਜਦੋਂ ਬ੍ਰਿਟੇਨ ਵਿਚ 90,629 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ। ਪਰਾਹੁਣਚਾਰੀ ਖੇਤਰ ਨੇ ਇੰਗਲੈਂਡ ਵਿੱਚ ਹੋਰ ਕੋਵਿਡ ਪਾਬੰਦੀਆਂ ਨਾ ਲਗਾਉਣ ਦੇ ਫ਼਼ੈਸਲੇ ਦਾ ਸਵਾਗਤ ਕੀਤਾ ਹੈ। ਇਸਨੇ ਫ਼ੈਸਲੇ ਨੂੰ ਪੱਬਾਂ, ਬਾਰਾਂ ਅਤੇ ਕਲੱਬਾਂ ਲਈ "ਲਾਈਫਲਾਈਨ" ਵਜੋਂ ਦਰਸਾਇਆ ਜੋ ਕ੍ਰਿਸਮਸ ਤੋਂ ਪਹਿਲਾਂ ਹੋਏ ਘਾਟੇ ਨੂੰ ਪੂਰਾ ਕਰਨ ਲਈ ਨਵੇਂ ਸਾਲ ਦੀ ਸ਼ਾਮ ਦੇ ਕਾਰੋਬਾਰ ਦੀ ਭਾਲ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟਿਸ਼ ਪੀ.ਐੱਮ. ਤਾਲਾਬੰਦੀ ਦੌਰਾਨ ਕਰ ਰਹੇ ਸਨ ਵਾਈਨ ਪਾਰਟੀ, ਪਿਆ ਬਖੇੜਾ
ਡਾਊਨਿੰਗ ਸਟ੍ਰੀਟ ਵੱਲੋਂ ਜਾਰੀ ਇਕ ਵੀਡੀਓ ਕਲਿਪ ਵਿਚ ਜਾਨਸਨ ਨੇ ਕਿਹਾ ਕਿ ਕਈ ਚੀਜ਼ਾਂ ਦੇ ਬਾਰੇ ਵਿਚ ਲਗਾਤਾਰ ਅਨਿਸ਼ਚਿਤਤਾ ਹੈ। ਇਸ ਨੂੰ ਦੇਖਦੇ ਹੋਏ ਓਮੀਕਰੋਨ ਦੀ ਗੰਭੀਰਤਾ, ਹਸਪਤਾਲ ਵਿਚ ਦਾਖਲ ਹੋਣ ਦੀ ਦਰ ਬਾਰੇ ਮੁਲਾਂਕਣ ਕਰਨ ਦੀ ਲੋੜ ਹੈ। ਅਸੀਂ ਓਮੀਕਰੋਨ 'ਤੇ ਬਰੀਕੀ ਨਾਲ ਨਜ਼ਰ ਰੱਖੇ ਹੋਏ ਹਾਂ। ਜੇਕਰ ਹਾਲਾਤ ਵਿਗੜਦੇ ਹਨ ਤਾਂ ਅਸੀਂ ਸਖ਼ਤ ਨਿਯਮ ਲਾਗੂ ਕਰਾਂਗੇ। ਜਾਨਸਨ ਨੇ ਕਿਹਾ ਕਿ ਓਮੀਕਰੋਨ ਉਸ ਗਤੀ ਨਾਲ ਫੈਲ ਰਿਹਾ ਸੀ ਜਿਵੇਂ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ। ਜਾਨਸਨ ਨੇ ਅੱਗੇ ਕਿਹਾ ਕਿ ਸਰਕਾਰ ਡਾਟਾ ਦੀ ਬਰੀਕੀ ਨਾਲ ਨਿਗਰਾਨੀ ਕਰ ਰਹੀ ਹੈ। ਜੇਕਰ ਲੋੜ ਪਈ ਤਾਂ ਕ੍ਰਿਸਮਸ ਦੇ ਬਾਅਦ ਸਖ਼ਤੀ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਲੋਕ ਕ੍ਰਿਸਮਸ ਮਨਾ ਸਕਦੇ ਹਨ ਪਰ ਉਹਨਾਂ ਨੂੰ ਸਾਵਧਾਨੀ ਵਰਤਣੀ ਹੋਵੇਗੀ ਅਤੇ ਬੂਸਟਰ ਡੋਜ਼ ਵੀ ਲਗਵਾਉਣੀ ਪਵੇਗੀ।
ਪੜ੍ਹੋ ਇਹ ਅਹਿਮ ਖਬਰ -ਕੋਵਿਡ-19 ਦੀ ਨਵੀਂ ਲਹਿਰ ਦੌਰਾਨ ਬਾਈਡੇਨ ਨੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਦੀ ਕੀਤੀ ਅਪੀਲ
ਦੂਜੇ ਪਾਸੇ ਸਕਾਟਲੈਂਡ ਨੇ ਵੱਡੇ ਆਯੋਜਨਾਂ ਲਈ ਨਿਯਮ ਲਾਗੂ ਕੀਤੇ ਹਨ, ਜਿਸ ਵਿਚ ਲੋਕਾਂ ਦੀ ਗਿਣਤੀ ਤੈਅ ਕੀਤੀ ਗਈ ਹੈ। ਐਡਿਨਬਰਗ ਦੇ ਸਲਾਨਾ ਨਵੇਂ ਸਾਲ ਦੇ ਸਮਾਰੋਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਵੇਲਜ਼ ਨੇ ਕ੍ਰਿਸਮਸ ਦੇ ਬਾਅਦ ਪਹਿਲਾਂ ਤੋਂ ਹੀ ਸਖ਼ਤ ਨਿਯਮਾਂ ਦੀ ਯੋਜਨਾ ਬਣਾਈ ਸੀ। ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਨੇ ਕਿਹਾ ਕਿ 18 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਦੋ ਤਿਹਾਈ ਤੋਂ ਵੱਧ ਲੋਕ ਅਤੇ ਜਿਹੜੇ ਯੋਗ ਹਨ ਉਹਨਾਂ ਦਾ ਕੋਵਿਡ-19 ਟੀਕਾਕਰਨ ਕੀਤਾ ਗਿਆ ਹੈ। ਕੁੱਲ ਮਿਲਾ ਕੇ 25,130,463 ਲੋਕ ਆਪਣੀ ਦੂਜੀ ਡੋਜ਼ ਵੀ ਲਗਵਾ ਚੁੱਕੇ ਹਨ। ਬ੍ਰਿਟੇਨ ਦੇ ਸਿਹਤ ਸਕੱਤਰ ਸਾਜਿਦ ਜਾਵਿਦ ਨੇ ਕਿਹਾ ਕਿ ਦੇਸ਼ ਵਿਚ ਦੋ ਤਿਹਾਈ ਤੋਂ ਵੱਧ ਯੋਗ ਬਾਲਗਾਂ ਨੂੰ ਵੈਕਸੀਨ ਲਗਾਉਣਾ ਸਾਡੇ ਲਈ ਪਹਿਲਾ ਕੰਮ ਹੈ।ਹਰੇਕ ਯੋਗ ਬਾਲਗ ਬੂਸਟਰ ਡੋਜ਼ ਲਈ ਆਨਲਾਈਨ ਬੁਕਿੰਗ ਕਰ ਸਕਦਾ ਹੈ।
ਇਸ ਦੌਰਾਨ ਇੰਗਲੈਂਡ ਵਿਚ ਕ੍ਰਿਸਮਿਸ ਵਾਲੇ ਦਿਨ ਰਿਕਾਰਡ ਗਿਣਤੀ ਵਿਚ ਕੇਸ ਦਰਜ ਕੀਤੇ ਗਏ। ਅੰਕੜਿਆਂ ਦੇ ਅਨੁਸਾਰ, ਇੰਗਲੈਂਡ ਵਿੱਚ 25 ਦਸੰਬਰ ਨੂੰ 113,628 ਨਵੇਂ ਸੰਕਰਮਣ, 26 ਦਸੰਬਰ ਨੂੰ 103,558 ਅਤੇ 27 ਦਸੰਬਰ ਨੂੰ 98,515 ਨਵੇਂ ਸੰਕਰਮਣ ਦਰਜ ਕੀਤੇ ਗਏ ਸਨ। ਕ੍ਰਿਸਮਸ ਦੀ ਮਿਆਦ ਦੇ ਦੌਰਾਨ ਸਿਰਫ ਅੰਸ਼ਕ ਕੋਵਿਡ ਡਾਟਾ ਪ੍ਰਕਾਸ਼ਤ ਕੀਤਾ ਗਿਆ ਹੈ। ਇਸ ਦੌਰਾਨ, ਸਕਾਟਲੈਂਡ ਦੀ ਸਰਕਾਰ ਨੇ ਕਿਹਾ ਕਿ ਅਸਥਾਈ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕ੍ਰਿਸਮਸ ਦੇ ਹਫ਼ਤੇ ਦੇ ਅੰਤ ਵਿੱਚ ਸਕਾਟਲੈਂਡ ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਧ ਰੋਜ਼ਾਨਾ ਕੇਸ ਦਰਜ ਕੀਤੇ ਗਏ ਸਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।