ਲੈਂਡ ਕਰਨ ਲੱਗਾ ਜਹਾਜ਼ ਹੋਇਆ ਕ੍ਰੈਸ਼! ਸਾਰੇ ਯਾਤਰੀਆਂ ਦੀ ਮੌਤ ਦਾ ਖ਼ਦਸ਼ਾ

Wednesday, Jul 02, 2025 - 04:04 PM (IST)

ਲੈਂਡ ਕਰਨ ਲੱਗਾ ਜਹਾਜ਼ ਹੋਇਆ ਕ੍ਰੈਸ਼! ਸਾਰੇ ਯਾਤਰੀਆਂ ਦੀ ਮੌਤ ਦਾ ਖ਼ਦਸ਼ਾ

ਇੰਟਰਨੈਸ਼ਨਲ ਡੈਸਕ : ਗੁਜਰਾਤ ਵਿੱਚ ਹਾਲ ਹੀ 'ਚ ਵਾਪਰੇ ਏਅਰ ਇੰਡੀਆ ਜਹਾਜ਼ ਹਾਦਸੇ ਦੇ ਜ਼ਖਮ ਹਾਲੇ ਭਰੇ ਵੀ ਨਹੀਂ ਸਨ ਕਿ ਇੱਕ ਹੋਰ ਖੌਫਨਾਕ ਹਵਾਈ ਹਾਦਸਾ ਸੋਮਾਲੀਆ ਤੋਂ ਸਾਹਮਣੇ ਆਇਆ ਹੈ। ਤਾਜਾ ਵਾਕਿਆ ਬੁੱਧਵਾਰ ਨੂੰ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਦੇ ਅਦਨ ਐਡੇ ਹਵਾਈ ਅੱਡੇ 'ਤੇ ਵਾਪਰਿਆ, ਜਿੱਥੇ ਇਕ ਅਫਰੀਕੀ ਯੂਨੀਅਨ ਸ਼ਾਂਤੀ ਮਿਸ਼ਨ ਨਾਲ ਜੁੜਿਆ ਫੌਜੀ ਜਹਾਜ਼ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ।

ਸੋਮਾਲੀ ਨੈਸ਼ਨਲ ਨਿਊਜ਼ ਏਜੰਸੀ ਦੇ ਅਨੁਸਾਰ, ਜਿਵੇਂ ਹੀ ਜਹਾਜ਼ ਨੇ ਹਵਾਈ ਅੱਡੇ 'ਤੇ ਉਤਰਣ ਦੀ ਕੋਸ਼ਿਸ਼ ਕੀਤੀ, ਉਸ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸ ਵਿੱਚ ਅੱਗ ਲੱਗ ਗਈ। ਹਾਲਾਂਕਿ ਅੱਗ ਉੱਤੇ ਫੌਰੀ ਤੌਰ 'ਤੇ ਕਾਬੂ ਪਾ ਲਿਆ ਗਿਆ ਹੈ, ਪਰ ਹਾਦਸੇ ਬਾਰੇ ਅਧਿਕਾਰਕ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ। ਮੌਕੇ 'ਤੇ ਮੌਜੂਦ ਅਧਿਕਾਰੀ ਹਾਲਾਤ ਦਾ ਮੁਲਾਂਕਣ ਕਰ ਰਹੇ ਹਨ ਤੇ ਮਾਰੇ ਗਏ ਜਾਂ ਜ਼ਖ਼ਮੀ ਹੋਏ ਲੋਕਾਂ ਬਾਰੇ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ। ਸੋਮਾਲੀ ਸਰਕਾਰ ਵੱਲੋਂ ਵੀ ਹਾਲੇ ਤੱਕ ਇਸ ਹਾਦਸੇ ’ਤੇ ਕੋਈ ਅਧਿਕਾਰਤ ਤੌਰ ਉੱਤੇ ਬਿਆਨ ਨਹੀਂ ਦਿੱਤਾ ਗਿਆ।

ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਅਫਰੀਕੀ ਯੂਨੀਅਨ ਸ਼ਾਂਤੀ ਮਿਸ਼ਨ ਲਈ ਕੰਮ ਕਰ ਰਿਹਾ ਸੀ। ਇਸ ਮਿਸ਼ਨ ਤਹਿਤ ਜਹਾਜ਼ ਸੋਮਾਲੀ ਅਧਿਕਾਰੀਆਂ ਨੂੰ ਅਲ-ਸ਼ਬਾਬ ਦੇ ਕੱਟੜਪੰਥੀ ਬਾਗੀਆਂ ਨਾਲ ਲੜਨ ਵਿਚ ਮਦਦ ਕਰ ਰਿਹਾ ਹੈ, ਜੋ ਕਿ ਹੌਰਨ ਆਫ਼ ਅਫਰੀਕਾ ਦੇਸ਼ ਵਿੱਚ ਵਿਦੇਸ਼ੀ ਫੌਜਾਂ ਦੀ ਮੌਜੂਦਗੀ ਦਾ ਵਿਰੋਧ ਕਰਦਾ ਹੈ। ਇਹ ਹਾਦਸਾ ਇੱਕ ਵਾਰ ਫਿਰ ਅੰਤਰਰਾਸ਼ਟਰੀ ਹਵਾਈ ਯਾਤਰਾ ਦੀ ਸੁਰੱਖਿਆ ਉੱਤੇ ਸਵਾਲ ਖੜੇ ਕਰਦਾ ਹੈ। ਫਿਲਹਾਲ ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਹਵਾਈ ਅੱਡੇ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।
 


author

DILSHER

Content Editor

Related News