ਪੀ. ਆਈ. ਏ. ਫਲਾਈਟ ਮੈਨੇਜਰ ਫਰਾਂਸ 'ਚ ਡਰੱਗਜ਼ ਕੇਸ 'ਚ ਗ੍ਰਿਫਤਾਰ

03/14/2018 3:12:44 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ. ਆਈ. ਏ.) ਦੇ ਫਲਾਈਟ ਮੈਨੇਜਰ ਤਨਵੀਰ ਗੁਲਜ਼ਾਰ ਨੂੰ ਡਰੱਗਜ਼ ਤਸਕਰੀ ਮਾਮਲੇ ਵਿਚ ਫਰਾਂਸ ਦੇ ਅਧਿਕਾਰੀਆਂ ਨੇ ਹਿਰਾਸਤ ਵਿਚ ਲਿਆ ਹੈ। ਫਰਾਂਸ ਨੂੰ ਇਸ ਦੀ ਜਾਣਕਾਰੀ ਇਕ ਹੋਰ ਕਰਮਚਾਰੀ ਤੋਂ ਮਿਲੀ। ਇਸ ਮਗਰੋਂ ਫ੍ਰਾਂਸੀਸੀ ਅਧਿਕਾਰੀਆਂ ਨੇ ਤਨਵੀਰ ਗੁਲਜ਼ਾਰ ਨੂੰ ਹਿਰਾਸਤ ਵਿਚ ਲੈ ਲਿਆ। ਉਸ ਨੂੰ ਪੈਰਿਸ ਵਿਚ ਡਰੱਗਜ਼ ਨਾਲ ਫੜਿਆ ਗਿਆ ਸੀ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਇਸਲਾਮਾਬਾਦ-ਪੈਰਿਸ ਫਲਾਈਟ ਦੇ ਚਾਲਕ ਦਲ ਦੇ ਬਾਕੀ ਮੈਂਬਰ ਐਤਵਾਰ ਨੂੰ ਪਾਕਿਸਤਾਨ ਵਾਪਸ ਆ ਗਏ। ਫਰਾਂਸ ਅਧਿਕਾਰੀਆਂ ਮੁਤਾਬਕ ਜਾਂਚ ਦੌਰਾਨ ਤਨਵੀਰ ਗੁਲਜ਼ਾਰ ਦੇ ਕੋਟ ਵਿਚ ਡਰੱਗਜ਼ ਦੇ ਚਾਰ ਪੈਕੇਟ ਬਰਾਮਦ ਕੀਤੇ ਗਏ ਹਨ। 
ਪੀ. ਆਈ. ਏ. ਦੇ ਬੁਲਾਰਾ ਮਸੂਦ ਤਾਜਵਰ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਇਕ ਕੈਬਿਨ ਚਾਲਕ ਦਲ ਦੇ ਮੈਂਬਰਾਂ ਕੋਲ ਡਰੱਗਜ਼ ਦੇ ਪੈਕੇਟ ਬਰਾਮਦ ਕੀਤੇ ਗਏ। ਹਾਲਾਂਕਿ ਪੀ. ਆਈ. ਏ. ਪ੍ਰਬੰਧਨ ਨੂੰ ਡਰੱਗਜ਼ ਦੇ ਪ੍ਰਕਾਰ ਅਤੇ ਮਾਤਰਾ ਦੇ ਬਾਰੇ ਵਿਚ ਸੂਚਿਤ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ,''ਪੀ. ਆਈ. ਏ. ਫਲਾਈਟ ਮੈਨੇਜਰ ਤਨਵੀਰ ਗੁਲਜ਼ਾਰ ਨੂੰ ਇਕ ਹੋਟਲ ਵਿਚ ਆਰਾਮ ਕਰਨ ਦੌਰਾਨ ਫੜਿਆ ਗਿਆ ਸੀ। ਉਸ ਸਮੇਂ ਉਸ ਕੋਲੋਂ ਡਰੱਗਜ਼ ਦੇ ਪੈਕੇਟ ਜ਼ਬਤ ਕੀਤੇ ਗਏ।'' ਤਾਜਵਰ ਨੇ ਕਿਹਾ ਕਿ ਫਿਲਹਾਲ ਗੁਲਜ਼ਾਰ ਨੂੰ ਏਅਰਲਾਈਨਜ਼ ਪ੍ਰਬੰਧਨ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਜੇ ਫ੍ਰਾਂਸੀਸੀ ਅਧਿਕਾਰੀਆਂ ਵੱਲੋਂ ਜਾਂਚ ਦੇ ਨਤੀਜੇ ਉਨ੍ਹਾਂ ਵਿਰੁੱਧ ਗਏ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਜਾਵੇਗਾ। ਤਾਜਵਰ ਨੇ ਕਿਹਾ ਕਿ ਫ੍ਰਾਂਸੀਸੀ ਅਧਿਕਾਰੀਆਂ ਨੇ ਉਸੇ ਉਡਾਣ ਦੇ ਇਕ ਹੋਰ ਸਹਾਇਕ ਅਮੀਰ ਮੋਇਨ ਨੂੰ ਵੀ ਹਿਰਾਸਤ ਵਿਚ ਲਿਆ ਹੈ। ਹਾਲਾਂਕਿ ਉਸ 'ਤੇ ਹੁਣ ਤੱਕ ਕੋਈ ਦੋਸ਼ ਨਹੀਂ ਲਗਾਏ ਗਏ ਹਨ।


Related News