ਪਾਕਿਸਤਾਨ: ਆਰਥਿਕ ਸੰਕਟ ਨਾਲ ਜੂਝ ਰਹੇ ਲੋਕਾਂ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ, ਫਿਰ ਵਧੇ ਪੈਟਰੋਲ ਦੇ ਭਾਅ

09/22/2022 12:34:06 AM

ਇੰਟਰਨੈਸ਼ਨਲ ਡੈਸਕ : ਹੜ੍ਹ ਅਤੇ ਆਰਥਿਕ ਸੰਕਟ ਨਾਲ ਜੂਝ ਰਹੇ ਗੁਆਂਢੀ ਦੇਸ਼ ਪਾਕਿਸਤਾਨ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਇਸ ਸਭ ਦੇ ਵਿਚਾਲੇ ਮਹਿੰਗਾਈ ਦੀ ਮਾਰ ਝੱਲ ਰਹੇ ਪਾਕਿਸਤਾਨੀ ਨਾਗਰਿਕਾਂ ਨੂੰ ਇਕ ਹੋਰ ਝਟਕਾ ਦਿੰਦਿਆਂ ਸ਼ਾਹਬਾਜ਼ ਸ਼ਰੀਫ ਸਰਕਾਰ ਨੇ ਬੁੱਧਵਾਰ ਨੂੰ ਪੈਟਰੋਲ ਦੀ ਕੀਮਤ 1.45 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ। ਇਸ ਨਾਲ ਭਾਰਤ ਦੇ ਗੁਆਂਢੀ ਦੇਸ਼ ਵਿੱਚ ਪੈਟਰੋਲ ਦੀਆਂ ਨਵੀਆਂ ਸੋਧੀਆਂ ਕੀਮਤਾਂ 235.98 ਤੋਂ ਵੱਧ ਕੇ 237.43 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ।

ਇਹ ਵੀ ਪੜ੍ਹੋ : ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਰਾਜਪਾਲ ਦੇ ਫ਼ੈਸਲੇ 'ਤੇ ਮਜੀਠੀਆ ਦਾ ਵੱਡਾ ਬਿਆਨ, ਕਹੀ ਇਹ ਗੱਲ

ਪਾਕਿਸਤਾਨ ਸਰਕਾਰ ਦੇ ਵਿੱਤ ਵਿਭਾਗ ਦੁਆਰਾ ਇਕ ਨੋਟੀਫਿਕੇਸ਼ਨ ਵਿੱਚ 31 ਸਤੰਬਰ ਨੂੰ ਹਲਕੇ ਡੀਜ਼ਲ ਦੀ ਕੀਮਤ 4.26 ਰੁਪਏ ਪ੍ਰਤੀ ਲੀਟਰ ਅਤੇ ਮਿੱਟੀ ਦੇ ਤੇਲ ਦੀ ਕੀਮਤ 8.30 ਰੁਪਏ ਪ੍ਰਤੀ ਲੀਟਰ ਤੱਕ ਘਟਾ ਦਿੱਤੀ ਗਈ ਸੀ। ਹਾਲਾਂਕਿ ਹਾਈ ਸਪੀਡ ਡੀਜ਼ਲ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਪਾਕਿਸਤਾਨ ਵਿੱਚ ਪੈਟਰੋਲੀਅਮ ਪਦਾਰਥਾਂ ਦੀਆਂ ਤਾਜ਼ਾ ਕੀਮਤਾਂ ਇਸ ਤਰ੍ਹਾਂ ਹਨ:

ਪੈਟਰੋਲ: 237.43 ਰੁ./ਲੀਟਰ
ਡੀਜ਼ਲ: 247.43 ਰੁ./ਲੀਟਰ
ਮਿੱਟੀ ਦਾ ਤੇਲ: 202.02 ਰੁ./ਲੀਟਰ
ਹਲਕਾ ਡੀਜ਼ਲ ਤੇਲ: 197.28 ਰੁ./ਲੀਟਰ

ਪਾਕਿਸਤਾਨੀ ਸਰਕਾਰ ਨੇ ਕਿਹਾ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਚ ਵਾਧਾ ਗਲੋਬਲ ਤੇਲ ਦੀਆਂ ਕੀਮਤਾਂ 'ਚ ਉਤਾਰ-ਚੜ੍ਹਾਅ ਅਤੇ ਐਕਸਚੇਂਜ ਰੇਟ 'ਚ ਬਦਲਾਅ ਕਾਰਨ ਹੋਇਆ ਹੈ। ਦੱਸ ਦੇਈਏ ਕਿ ਪਾਕਿਸਤਾਨ ਗੰਭੀਰ ਹੜ੍ਹਾਂ ਦੀ ਸਥਿਤੀ ਨਾਲ ਜੂਝ ਰਿਹਾ ਹੈ, ਜਿਸ ਨੇ ਦੇਸ਼ ਦੇ ਵੱਡੇ ਹਿੱਸੇ ਨੂੰ ਪਾਣੀ ਨਾਲ ਡੋਬ ਦਿੱਤਾ ਹੈ, ਜਿਸ ਨਾਲ ਲਗਭਗ 1500 ਲੋਕ ਮਾਰੇ ਗਏ ਹਨ ਤੇ ਲਗਭਗ 33 ਮਿਲੀਅਨ ਲੋਕ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਪਾਕਿਸਤਾਨ ਫੰਡਾਂ ਦੀ ਘਾਟ ਕਾਰਨ ਆਰਥਿਕ ਪਤਨ ਦੀ ਕਗਾਰ 'ਤੇ ਹੈ।

ਇਹ ਵੀ ਪੜ੍ਹੋ : ਵਿਧਾਨ ਸਭਾ ਸੈਸ਼ਨ ਰੱਦ ਹੋਣ ਤੋਂ ਬਾਅਦ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪ੍ਰੈੱਸ ਕਾਨਫਰੰਸ ਕਰ ਕਹੀਆਂ ਇਹ ਗੱਲਾਂ

ਗੰਭੀਰ ਬਿਮਾਰੀਆਂ ਦੀ ਲਪੇਟ 'ਚ ਆ ਰਹੇ ਲੋਕ

ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕੁਝ ਹਿੱਸਿਆਂ ਵਿੱਚ ਚਮੜੀ ਦੀ ਲਾਗ, ਦਸਤ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀਆਂ ਹਨ, ਜਿਸ ਕਾਰਨ 324 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੜ੍ਹਾਂ ਕਾਰਨ ਬੇਘਰ ਹੋਏ ਲੱਖਾਂ ਲੋਕ ਖੁੱਲ੍ਹੇ ਵਿੱਚ ਜੀਵਨ ਬਸਰ ਕਰ ਰਹੇ ਹਨ ਅਤੇ ਸੈਂਕੜੇ ਕਿਲੋਮੀਟਰ ਤੱਕ ਫੈਲੇ ਹੜ੍ਹ ਦੇ ਪਾਣੀ ਨੂੰ ਮੁੜਨ ਵਿੱਚ 2 ਤੋਂ 6 ਮਹੀਨੇ ਲੱਗ ਸਕਦੇ ਹਨ। ਇਸ ਦੇ ਨਾਲ ਹੀ ਥਾਂ-ਥਾਂ ਪਾਣੀ ਭਰ ਜਾਣ ਕਾਰਨ ਸਿਹਤ ਸਬੰਧੀ ਗੰਭੀਰ ਸਮੱਸਿਆਵਾਂ ਪੈਦਾ ਹੋ ਗਈਆਂ ਹਨ।

ਇਹ ਵੀ ਪੜ੍ਹੋ : 2 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਵਿਜੀਲੈਂਸ ਬਿਊਰੋ ਵੱਲੋਂ ਸਿਪਾਹੀ ਵਿਰੁੱਧ ਕੇਸ ਦਰਜ

ਗੰਦਾ ਪਾਣੀ ਪੀਣ ਨੂੰ ਮਜਬੂਰ ਹਨ ਲੋਕ

ਦੱਸਿਆ ਜਾ ਰਿਹਾ ਹੈ ਕਿ ਹੜ੍ਹਾਂ ਕਾਰਨ ਬੇਘਰ ਹੋਏ ਪਰਿਵਾਰ ਗੰਦਾ ਪਾਣੀ ਪੀਣ ਅਤੇ ਖਰਾਬ ਹੋਇਆ ਖਾਣਾ ਖਾਣ ਲਈ ਮਜਬੂਰ ਹਨ। ਅਧਿਕਾਰੀਆਂ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਜ਼ਰੂਰੀ ਸਹਾਇਤਾ ਨਾ ਮਿਲੀ ਤਾਂ ਸਥਿਤੀ ਕਾਬੂ ਤੋਂ ਬਾਹਰ ਹੋ ਸਕਦੀ ਹੈ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਹੜ੍ਹ ਪੀੜਤ ਗੁਲਾਮ ਰਸੂਲ ਨੇ ਸਥਾਨਕ ਜੀਓ ਨਿਊਜ਼ ਟੀ ਵੀ ਨੂੰ ਦੱਸਿਆ, "ਅਸੀਂ ਜਾਣਦੇ ਹਾਂ ਕਿ ਇਹ ਸਾਨੂੰ ਬਿਮਾਰ ਕਰ ਸਕਦਾ ਹੈ ਪਰ ਕੀ ਕਰੀਏ, ਸਾਨੂੰ ਜ਼ਿੰਦਾ ਰਹਿਣ ਲਈ ਇਸ ਨੂੰ ਪੀਣਾ ਪਵੇਗਾ।"

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News