ਈਰਾਨ ਨਾਲ ਵਧਿਆ ਤਣਾਅ : US ਨੇ ਮੱਧ ਪੂਰਬ ਵੱਲ ਭੇਜਿਆ ਆਪਣਾ ਜੰਗੀ ਬੇੜਾ ''ਅਬਰਾਹਮ ਲਿੰਕਨ''
Thursday, Jan 15, 2026 - 03:40 PM (IST)
ਵਾਸ਼ਿੰਗਟਨ/ਤੇਹਰਾਨ: ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਪੈਂਟਾਗਨ ਨੇ ਇੱਕ ਵੱਡਾ ਫੌਜੀ ਕਦਮ ਚੁੱਕਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਅਮਰੀਕਾ ਆਪਣੇ USS ਅਬਰਾਹਮ ਲਿੰਕਨ ਜੰਗੀ ਬੇੜੇ (carrier strike group) ਨੂੰ ਦੱਖਣੀ ਚੀਨ ਸਾਗਰ ਤੋਂ ਹਟਾ ਕੇ ਮੱਧ ਪੂਰਬ (CENTCOM ਖੇਤਰ) ਵਿੱਚ ਤਾਇਨਾਤ ਕਰ ਰਿਹਾ ਹੈ। ਇਸ ਜੰਗੀ ਬੇੜੇ ਦੇ ਨਾਲ ਕਈ ਹੋਰ ਜੰਗੀ ਜਹਾਜ਼ ਅਤੇ ਘੱਟੋ-ਘੱਟ ਇੱਕ ਹਮਲਾਵਰ ਪਣਡੁੱਬੀ (attack submarine) ਵੀ ਸ਼ਾਮਲ ਹੈ। ਮਾਹਿਰਾਂ ਅਨੁਸਾਰ, ਇਸ ਨੂੰ ਮੱਧ ਪੂਰਬ ਪਹੁੰਚਣ ਵਿੱਚ ਲਗਭਗ ਇੱਕ ਹਫ਼ਤਾ ਲੱਗ ਸਕਦਾ ਹੈ। ਅਮਰੀਕਾ ਦਾ ਇਹ ਫੈਸਲਾ ਈਰਾਨ ਵਿੱਚ ਹੋ ਰਹੇ ਭਾਰੀ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਅਤੇ ਵਧਦੀ ਮਹਿੰਗਾਈ ਕਾਰਨ ਪੈਦਾ ਹੋਏ ਜਨਤਕ ਗੁੱਸੇ ਦੇ ਵਿਚਕਾਰ ਲਿਆ ਗਿਆ ਹੈ।
ਅਮਰੀਕੀ ਫੌਜੀ ਅੱਡਿਆਂ 'ਤੇ ਹਾਈ ਅਲਰਟ
ਖੇਤਰੀ ਤਣਾਅ ਨੂੰ ਦੇਖਦੇ ਹੋਏ ਅਮਰੀਕਾ ਨੇ ਸਾਵਧਾਨੀ ਵਜੋਂ ਕਤਰ ਸਥਿਤ ਆਪਣੇ ਸਭ ਤੋਂ ਵੱਡੇ ਫੌਜੀ ਅੱਡੇ 'ਅਲ ਉਦੈਦ' (Al Udeid Air Base) ਤੋਂ ਕੁਝ ਕਰਮਚਾਰੀਆਂ ਨੂੰ ਉੱਥੋਂ ਜਾਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਸਾਊਦੀ ਅਰਬ ਵਿੱਚ ਸਥਿਤ ਅਮਰੀਕੀ ਦੂਤਘਰ ਨੇ ਵੀ ਆਪਣੇ ਸਟਾਫ਼ ਨੂੰ ਸੁਰੱਖਿਆ ਪ੍ਰਤੀ ਸੁਚੇਤ ਰਹਿਣ, ਫੌਜੀ ਟਿਕਾਣਿਆਂ 'ਤੇ ਗੈਰ-ਜ਼ਰੂਰੀ ਯਾਤਰਾ ਨੂੰ ਸੀਮਤ ਕਰਨ ਅਤੇ ਆਪਣੀ ਸੁਰੱਖਿਆ ਦੀਆਂ ਯੋਜਨਾਵਾਂ ਤਿਆਰ ਰੱਖਣ ਲਈ ਕਿਹਾ ਹੈ। ਈਰਾਨ ਦੇ ਗੁਆਂਢੀ ਦੇਸ਼ਾਂ ਵਿੱਚ ਵੀ ਇਸ ਗੱਲ ਦਾ ਡਰ ਬਣਿਆ ਹੋਇਆ ਹੈ ਕਿ ਅਮਰੀਕਾ ਦੀ ਕਿਸੇ ਵੀ ਫੌਜੀ ਕਾਰਵਾਈ ਨਾਲ ਪੂਰੇ ਖੇਤਰ ਦੀ ਆਰਥਿਕਤਾ ਅਤੇ ਸੁਰੱਖਿਆ ਸਥਿਰਤਾ ਪ੍ਰਭਾਵਿਤ ਹੋ ਸਕਦੀ ਹੈ।
ਇਹ ਵੀ ਪੜ੍ਹੋ: ਭਾਰਤੀ ਪਾਸਪੋਰਟ ਦੀ ਵਧੀ ਤਾਕਤ; ਹੁਣ ਇੰਨੇ ਦੇਸ਼ਾਂ 'ਚ ਬਿਨਾਂ ਵੀਜ਼ਾ ਦੇ ਯਾਤਰਾ ਕਰ ਸਕਣਗੇ Indians
ਰਾਸ਼ਟਰਪਤੀ ਟਰੰਪ ਨੂੰ ਦਿੱਤੇ ਗਏ ਫੌਜੀ ਵਿਕਲਪ ਸੂਤਰਾਂ ਅਨੁਸਾਰ, ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਈਰਾਨ ਵਿਰੁੱਧ ਕਈ ਤਰ੍ਹਾਂ ਦੇ ਫੌਜੀ ਅਤੇ ਗੁਪਤ ਵਿਕਲਪਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਵਿਕਲਪਾਂ ਵਿੱਚ ਸਿਰਫ਼ ਰਵਾਇਤੀ ਹਵਾਈ ਹਮਲੇ ਹੀ ਨਹੀਂ, ਸਗੋਂ ਸਾਈਬਰ ਅਤੇ ਮਨੋਵਿਗਿਆਨਕ ਆਪਰੇਸ਼ਨ (psychological operations) ਵੀ ਸ਼ਾਮਲ ਹਨ। ਵਾਸ਼ਿੰਗਟਨ ਵਿੱਚ ਇਸ ਗੱਲ 'ਤੇ ਵੀ ਗੰਭੀਰ ਚਰਚਾ ਚੱਲ ਰਹੀ ਹੈ ਕਿ ਅਮਰੀਕਾ ਵੱਲੋਂ ਈਰਾਨੀ ਪ੍ਰਦਰਸ਼ਨਕਾਰੀਆਂ ਦੀ ਮਦਦ ਕਿਵੇਂ ਕੀਤੀ ਜਾ ਸਕਦੀ ਹੈ।
ਈਰਾਨ ਵਿੱਚ ਹਿੰਸਾ ਦਾ ਭਿਆਨਕ ਰੂਪ
ਈਰਾਨ ਵਿੱਚ ਪ੍ਰਦਰਸ਼ਨ ਲਗਾਤਾਰ 18ਵੇਂ ਦਿਨ ਵੀ ਜਾਰੀ ਹਨ ਅਤੇ ਦੇਸ਼ ਵਿੱਚ ਸੰਚਾਰ ਸੇਵਾਵਾਂ ਪੂਰੀ ਤਰ੍ਹਾਂ ਠੱਪ ਹਨ। ਮਨੁੱਖੀ ਅਧਿਕਾਰ ਕਾਰਕੁਨਾਂ (HRANA) ਦੇ ਅੰਕੜਿਆਂ ਅਨੁਸਾਰ ਹੁਣ ਤੱਕ 187 ਸ਼ਹਿਰਾਂ ਵਿੱਚ ਪ੍ਰਦਰਸ਼ਨ ਹੋ ਚੁੱਕੇ ਹਨ, ਜਿਸ ਵਿੱਚ 2,615 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ 18,470 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕਦੇ ਵੀ ਹੋ ਸਕਦੈ 'ਐਲਾਨ-ਏ-ਜੰਗ' ! US ਖਾਲੀ ਕਰਨ ਲੱਗਾ ਕਤਰ ਦਾ ਸਭ ਤੋਂ ਵੱਡਾ ਏਅਰਬੇਸ
