ਪਾਕਿਸਤਾਨ ''ਚ ਵਿਦਿਆਰਥੀਆਂ ਪੈਟਰੋਲ ਛਿੜਕ ਕੇ ਸਕੂਲ ਨੂੰ ਲਗਾਈ ਅੱਗ

Saturday, Sep 07, 2019 - 09:41 PM (IST)

ਪਾਕਿਸਤਾਨ ''ਚ ਵਿਦਿਆਰਥੀਆਂ ਪੈਟਰੋਲ ਛਿੜਕ ਕੇ ਸਕੂਲ ਨੂੰ ਲਗਾਈ ਅੱਗ

ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਪਾਠ ਯਾਦ ਨਾ ਕਰਨ 'ਤੇ ਅਧਿਆਪਕ ਵਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ 'ਤੇ ਆਪਣੇ ਇਕ ਵਿਦਿਆਰਥੀ ਦੀ ਮੌਤ ਹੋ ਜਾਣ 'ਤੇ ਨਾਰਾਜ਼ ਵਿਦਿਆਰਥੀਆਂ ਨੇ ਸਕੂਲ ਦੀ ਇਮਾਰਤ ਨੂੰ ਅੱਗ ਹਵਾਲੇ ਕਰ ਦਿੱਤਾ। ਇਥੇ ਗੁਲਸ਼ਨ ਏ ਰਵੀ ਇਲਾਕੇ ਦੇ ਅਮਰੀਕਨ ਲੀਸੇਟਫ ਸਕੂਲ ਵਿਚ 10ਵੀਂ ਜਮਾਤ ਦੇ ਵਿਦਿਆਰਥੀ ਹਾਫਿਜ਼ ਹੁਨੈਨ ਬਿਲਾਸ ਦੀ ਵੀਰਵਾਰ ਨੂੰ ਉਸ ਦੇ ਅਧਿਆਪਕ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਮਗਰੋਂ ਵਿਦਿਆਰਥੀ ਦੀ ਮੌਤ ਹੋ ਗਈ। ਪੁਲਸ ਮੁਤਾਬਕ ਅਧਿਆਪਕ ਮੁਤਾਬਕ ਕਾਮਰਾਨ ਨੇ ਪਾਠ ਯਾਦ ਨਾ ਕਰਨ 'ਤੇ ਬੱਚੇ ਨੂੰ ਵਾਰ-ਵਾਰ ਮੁੱਕੇ ਮਾਰੇ, ਉਸ ਦੇ ਵਾਲ ਫੜ ਕੇ ਉਸ ਦਾ ਸਿਰ ਕੰਧ ਵਿਚ ਮਾਰਿਆ। ਬੱਚਾ ਜਮਾਤ ਵਿਚ ਹੀ ਬੇਹੋਸ਼ ਹੋ ਗਿਆ ਅਤੇ ਹਸਪਤਾਲ ਲਿਜਾਉਣ ਦੌਰਾਨ ਉਸ ਦੀ ਮੌਤ ਹੋ ਗਈ।

ਸ਼ੁੱਕਰਵਾਰ ਨੂੰ ਕੁਝ ਵਿਦਿਆਰਥੀਆਂ ਨੇ ਸਕੂਲ ਦੀ ਬਿਲਡਿੰਗ 'ਤੇ ਪੈਟਰੋਲ ਦੀਆਂ ਬੋਤਲਾਂ ਸੁੱਟ ਕੇ ਉਸ ਨੂੰ ਅੱਗ ਹਵਾਲੇ ਕਰ ਦਿੱਤਾ। ਦੇਖਦੇ ਹੀ ਦੇਖਦੇ ਪੂਰੇ ਭਵਨ ਵਿਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਮੌਕੇ 'ਤੇ ਪੁੱਜੀਆਂ। ਪੁਲਸ ਟੀਮ ਨੇ ਪ੍ਰਦਰਸ਼ਨਕਾਰੀਆਂ ਨੂੰ ਤਿਤਰ-ਬਿਤਰ ਕੀਤਾ ਅਤੇ ਉਨ੍ਹਾਂ ਵਿਚੋਂ ਕੁਝ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਅਧਿਕਾਰੀ ਨੇ ਕਿਹਾ ਕਿ ਅੱਗ ਲਗਾਉਣ ਦੀ ਘਟਨਾ ਦੇ ਸਿਲਸਿਲੇ ਵਿਚ ਤਿੰਨ ਵਿਦਿਆਰਥੀ ਗ੍ਰਿਫਤਾਰ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਬਦਮਾਸ਼ਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਅਪਰਾਧ ਲਈ ਉਕਸਾਇਆ। ਜਿਸ ਬੱਚੇ ਦੀ ਮੌਤ ਹੋਈ, ਉਸ ਦੇ ਪਿਤਾ ਦੀ ਸ਼ਿਕਾਇਤ 'ਤੇ ਅਧਿਆਪਕ ਕਾਮਰਾਨ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਸਕੂਲ ਦੇ ਪ੍ਰਿੰਸੀਪਲ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।


author

Sunny Mehra

Content Editor

Related News