ਪਾਕਿ ਦੇ ਇਕ ਹੋਰ ਚੋਟੀ ਦੇ ਨੇਤਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

05/01/2020 3:41:15 PM

ਇਸਲਾਮਾਬਾਦ- ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਅਸਦ ਕੈਸਰ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਏ ਗਏ ਹਨ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਦੇਸ਼ ਵਿਚ ਕੋਰੋਨਾ ਵਾਇਰਸ ਦੇ 990 ਨਵੇਂ ਮਾਮਲੇ ਸਾਹਮਣੇ ਆਉਣ ਦਾ ਵੀ ਐਲਾਨ ਕੀਤਾ ਹੈ। 

ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪਿੱਛਲੇ 24 ਘੰਟਿਆਂ ਵਿਚ ਇਸ ਵਾਇਰਸ ਨਾਲ 24 ਲੋਕਾਂ ਦੀ ਮੌਤ ਹੋ ਗਈ ਹੈ ਤੇ ਇਸ ਦੇ ਨਾਲ ਹੀ ਦੇਸ਼ ਵਿਚ ਹੁਣ ਤੱਕ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ 385 ਹੋ ਗਈ ਹੈ। ਉਸ ਨੇ ਦੱਸਿਆ ਕਿ ਇਸ ਦੌਰਾਨ ਇਨਫੈਕਸ਼ਨ ਦੇ 990 ਮਾਮਲੇ ਸਾਹਮਣੇ ਆਏ ਹਨ ਜੋ ਕਿ ਇਕ ਦਿਨ ਵਿਚ ਇਨਫੈਕਟਡ ਪਾਏ ਜਾਣ ਵਾਲੇ ਲੋਕਾਂ ਦੀ ਆਪਣੇ-ਆਪ ਵਿਚ ਸਭ ਤੋਂ ਵਧੇਰੇ ਗਿਣਤੀ ਹੈ। ਦੇਸ਼ ਵਿਚ ਇਸ ਵਾਇਰਸ ਦੀ ਲਪੇਟ ਵਿਚ ਆਉਣ ਵਾਲੇ ਕੁੱਲ ਲੋਕਾਂ ਦੀ ਗਿਣਤੀ 16,817 ਹੋ ਗਈ ਹੈ। ਕੈਸਰ ਇਨਫੈਕਟਡ ਪਾਏ ਜਾਣ ਵਾਲੇ ਦੂਜੇ ਚੋਟੀ ਦੇ ਨੇਤਾ ਤੇ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੈਂਬਰ ਹਨ। ਇਸ ਤੋਂ ਪਹਿਲਾਂ ਗਵਰਨਰ ਇਸਮਾਈਲ ਖਾਨ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਏ ਗਏ ਸਨ। ਕੈਸਰ ਨੇ ਟਵੀਟ ਕੀਤਾ ਕਿ ਮੈਂ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਇਆ ਗਿਆ ਹਾਂ ਤੇ ਮੈਂ ਆਪਣੇ ਘਰ ਵਿਚ ਖੁਦ ਨੂੰ ਵੱਖਰਾ ਕਰ ਲਿਆ ਹੈ। ਮੈਂ ਪੂਰੇ ਦੇਸ਼ ਨੂੰ ਅਹਿਤਿਆਤੀ ਦੇ ਕਦਮ ਚੁੱਕਣ ਦੀ ਅਪੀਲ ਕਰਦਾ ਹਾਂ। ਦ ਐਕਪ੍ਰੈਸ ਟ੍ਰਿਬਿਊਨ ਨੇ ਕੈਸਰ ਦੇ ਭਰਾ ਅਬਦੁੱਲ ਵਾਲਿਦ ਦੇ ਹਵਾਲੇ ਨਾਲ ਦੱਸਿਆ ਕਿ ਪ੍ਰਧਾਨ ਦਾ ਬੇਟਾ ਤੇ ਬੇਟੀ ਵੀ ਇਨਫੈਕਟਡ ਪਾਏ ਗਏ ਹਨ ਤੇ ਉਹ ਇਕਾਂਤਵਾਸ ਵਿਚ ਹਨ। ਇਸ ਤੋਂ ਪਹਿਲਾਂ ਕੈਸਰ ਦੇ 2 ਰਿਸ਼ਤੇਦਾਰ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ।

ਇਸ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਲਾਹਕਾਰ ਜ਼ਫਰ ਮਿਰਜ਼ਾ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਵਿਚ ਮਈ ਦੇ ਅਖੀਰ ਜਾਂ ਜੂਨ ਦੇ ਮੱਧ ਤੱਕ ਇਸ ਗਲੋਬਲ ਮਹਾਮਾਰੀ ਦਾ ਸਭ ਤੋਂ ਖਰਾਬ ਦੌਰ ਦੇਖਿਆ ਜਾ ਸਕਦਾ ਹੈ। ਸਿਹਤ ਮੰਤਰਾਲਾ ਨੇ ਦੱਸਿਆ ਕਿ ਅਜੇ ਤੱਕ ਕੁੱਲ 4,315 ਲੋਕ ਇਸ ਬੀਮਾਰੀ ਤੋਂ ਠੀਕ ਹੋਏ ਹਨ। ਸਿੰਧ ਦੇ ਸਿੱਖਿਆ ਮੰਤਰੀ ਸਈਦ ਗਨੀ ਮਾਰਚ ਦੇ ਅਖੀਰ ਵਿਚ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋਣ ਵਾਲੇ ਦੇਸ਼ ਦੇ ਪਹਿਲੇ ਨੇਤਾ ਸਨ। ਉਹ ਇਸ ਬੀਮਾਰੀ ਤੋਂ ਉਭਰ ਚੁੱਕੇ ਹਨ। ਪ੍ਰਧਾਨ ਮੰਤਰੀ ਖਾਨ ਦੀ ਬੀਤੇ ਹਫਤੇ ਕੋਰੋਨਾ ਜਾਂਚ ਕੀਤੀ ਗਈ ਸੀ ਤੇ ਉਹਨਾਂ ਦਾ ਨਤੀਜਾ ਨਾਕਾਰਾਤਮਕ ਰਿਹਾ ਸੀ।


Baljit Singh

Content Editor

Related News