IMF ਦੇ ਰੁਖ਼ ਨੂੰ ਨਰਮ ਕਰਨ ਲਈ ਅਮਰੀਕਾ ਤੋਂ ਮਦਦ ਮੰਗੇਗਾ ਪਾਕਿਸਤਾਨ
Tuesday, Mar 14, 2023 - 02:13 PM (IST)

ਇਸਲਾਮਾਬਾਦ (ਭਾਸ਼ਾ)- ਨਕਦੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦਾ ਰਵੱਈਆ ਆਪਣੇ ਪ੍ਰਤੀ ਨਰਮ ਕਰਨ ਲਈ ਅਮਰੀਕਾ ਤੋਂ ਮਦਦ ਲੈਣ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਅਤੇ IMF ਵਿਚਕਾਰ ਸਟਾਫ ਪੱਧਰ ਦੇ ਸਮਝੌਤੇ 'ਤੇ ਅਜੇ ਹਸਤਾਖਰ ਨਹੀਂ ਹੋ ਸਕੇ ਹਨ। ਪਾਕਿਸਤਾਨ ਨੂੰ IMF ਤੋਂ 1.1 ਅਰਬ ਡਾਲਰ ਦੀ ਕਿਸ਼ਤ ਵੀ ਨਹੀਂ ਮਿਲੀ ਹੈ। ਜੀਓ ਨਿਊਜ਼ ਨੇ ਰਿਪੋਰਟ ਕੀਤੀ ਕਿ ਸਟਾਫ-ਪੱਧਰ ਦੇ ਸਮਝੌਤੇ 'ਤੇ ਅੱਗੇ ਵਧਣ ਲਈ IMF ਨੂੰ ਮਨਾਉਣ ਵਿੱਚ ਅਸਫ਼ਲ ਰਹੇ ਪਾਕਿਸਤਾਨ ਕੋਲ ਵਾਸ਼ਿੰਗਟਨ ਅਤੇ ਹੋਰ ਪੱਛਮੀ ਸਹਿਯੋਗੀਆਂ ਤੋਂ ਮਦਦ ਲੈਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ।
ਪਾਕਿਸਤਾਨ ਦੀ ਆਰਥਿਕਤਾ ਡੂੰਘੇ ਸੰਕਟ ਵਿੱਚ ਹੈ। ਕੁਝ ਹਫ਼ਤੇ ਪਹਿਲਾਂ ਉਸਦਾ ਵਿਦੇਸ਼ੀ ਮੁਦਰਾ ਭੰਡਾਰ 2.9 ਅਰਬ ਡਾਲਰ ਦੇ ਬੇਹੱਦ ਹੇਠਲੇ ਪੱਧਰ 'ਤੇ ਪਹੁੰਚ ਗਿਆ ਸੀ। ਰਿਪੋਰਟ ਦੇ ਅਨੁਸਾਰ, ਵਿੱਤ ਮੰਤਰੀ ਇਸਹਾਕ ਡਾਰ ਨੇ ਇਸਲਾਮਾਬਾਦ ਵਿੱਚ ਅਮਰੀਕੀ ਡਿਪਲੋਮੈਟਾਂ ਨਾਲ ਸੰਪਰਕ ਸਥਾਪਿਤ ਕੀਤਾ ਹੈ ਅਤੇ ਅਮਰੀਕਾ ਦੇ ਵਿੱਤ ਵਿਭਾਗ ਦੀ ਦਖ਼ਲਅੰਦਾਜ਼ੀ ਜ਼ਰੀਏ ਇਸ ਰੁਕਾਵਟ ਨੂੰ ਸੁਲਝਾਉਣ ਵਿੱਚ ਮਦਦ ਕਰਨ ਦੀ ਬੇਨਤੀ ਕੀਤੀ ਹੈ।
ਇਸ ਵਿੱਚ ਕਿਹਾ ਗਿਆ ਹ, "ਹੁਣ ਆਈ.ਐੱਮ.ਐੱਫ. ਦਾ ਕਹਿਣਾ ਹੈ ਕਿ ਬਾਹਰੀ ਖ਼ਾਤੇ 'ਤੇ 6-7 ਅਰਬ ਡਾਲਰ ਦੇ ਵਿੱਤ ਪੋਸ਼ਨ ਅੰਤਰ ਨੂੰ ਭਰਨ ਲਈ ਪਾਕਿਸਤਾਨ ਆਪਣੇ ਮਿੱਤਰ ਦੇਸ਼ਾਂ ਅਤੇ ਬਹੁ-ਪੱਖੀ ਲੈਣਦਾਰਾਂ ਤੋਂ ਜੂਨ 2023 ਦੇ ਅੰਤ ਤੱਕ 200 ਫ਼ੀਸਦੀ ਭਰੋਸਾ ਪ੍ਰਾਪਤ ਕਰੇ।" ਮੁਦਰਾ ਫੰਡ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕਤਰ ਅਤੇ ਬਹੁਪੱਖੀ ਰਿਣਦਾਤਿਆਂ ਤੋਂ 6 ਤੋਂ 7 ਅਰਬ ਡਾਲਰ ਦੀਆਂ ਬਾਹੀ ਵਿੱਤੀ ਜ਼ਰੂਰਤਾਂ ਲਈ ਜੂਨ 2023 ਤੱਕ ਸਮਰਥਨ ਪ੍ਰਾਪਤ ਕਰੇ ਤਾਂ ਕਿ ਵਿੱਤੀ ਅੰਤਰ ਨੂੰ ਪੂਰਾ ਕੀਤਾ ਜਾ ਸਕੇ।