ਵੱਡੀ ਵਾਰਦਾਤ! ਬੱਸ 'ਚੋਂ ਉਤਾਰ ਕੇ ਮਾਰ'ਤੇ 7 ਪੰਜਾਬੀ, ਅੰਨ੍ਹੇਵਾਹ ਚਲਾਈਆਂ ਗੋਲੀਆਂ
Thursday, Feb 20, 2025 - 05:18 PM (IST)

ਵੈੱਬ ਡੈਸਕ : ਪਾਕਿਸਤਾਨ 'ਚ ਅੱਤਵਾਦ ਅਤੇ ਕੱਟੜਤਾ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਇਸੇ ਕ੍ਰਮ ਵਿੱਚ, ਬੀਤੇ ਦਿਨ ਇੱਕ ਵਾਰ ਫਿਰ ਬਲੋਚਿਸਤਾਨ ਸੂਬੇ ਵਿੱਚ ਇੱਕ ਭਿਆਨਕ ਹਮਲਾ ਹੋਇਆ, ਜਿੱਥੇ ਅੱਤਵਾਦੀਆਂ ਨੇ ਇੱਕ ਬੱਸ ਨੂੰ ਰੋਕਿਆ ਤੇ ਸੱਤ ਪੰਜਾਬੀ ਯਾਤਰੀਆਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ।
ਬੱਸ ਵਿਚੋਂ ਉਤਾਰ ਕੇ ਕੀਤਾ ਕਤਲ
ਇਹ ਘਟਨਾ ਮੰਗਲਵਾਰ ਦੇਰ ਰਾਤ ਬਲੋਚਿਸਤਾਨ ਦੇ ਬਰਖਾਨ ਜ਼ਿਲ੍ਹੇ ਦੇ ਨੇੜੇ ਵਾਪਰੀ ਜਦੋਂ ਕਵੇਟਾ ਤੋਂ ਲਾਹੌਰ ਜਾ ਰਹੀ ਇੱਕ ਬੱਸ ਨੂੰ ਬੰਦੂਕਧਾਰੀ ਅੱਤਵਾਦੀਆਂ ਨੇ ਰੋਕ ਲਿਆ। ਉਹ ਬੱਸ ਵਿੱਚ ਦਾਖਲ ਹੋਏ, ਯਾਤਰੀਆਂ ਦੇ ਪਛਾਣ ਪੱਤਰ ਚੈੱਕ ਕੀਤੇ ਅਤੇ ਉਨ੍ਹਾਂ ਵਿੱਚੋਂ ਸੱਤ ਪੰਜਾਬੀ ਯਾਤਰੀਆਂ ਨੂੰ ਚੁਣਿਆ ਅਤੇ ਉਨ੍ਹਾਂ ਨੂੰ ਬੱਸ ਤੋਂ ਹੇਠਾਂ ਉਤਾਰਿਆ। ਇਸ ਤੋਂ ਬਾਅਦ ਸਾਰਿਆਂ ਨੂੰ ਗੋਲੀ ਮਾਰ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
Tragedy strikes in Balochistan!
— Farhan Khan (@TheFarhanAKhan) February 18, 2025
7 passengers from Punjab killed in a militant attack on a Quetta-Lahore bus in Barkhan district. Incident occurred on Quetta-DG Khan highway. #Balochistan #Pakistan pic.twitter.com/P9G1tXwwdp
ਬਲੋਚ ਲਿਬਰੇਸ਼ਨ ਆਰਮੀ ਨੇ ਲਈ ਜ਼ਿੰਮੇਵਾਰੀ
ਬਲੋਚਿਸਤਾਨ ਵਿੱਚ ਸਰਗਰਮ ਅੱਤਵਾਦੀ ਸੰਗਠਨ ਬਲੋਚ ਲਿਬਰੇਸ਼ਨ ਆਰਮੀ (ਬੀਐੱਲਏ) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸੰਗਠਨ ਨੇ ਦਾਅਵਾ ਕੀਤਾ ਕਿ ਇਹ ਹਮਲਾ ਪਾਕਿਸਤਾਨੀ ਫੌਜ ਦੀਆਂ ਵਧੀਕੀਆਂ ਦੇ ਜਵਾਬ ਵਿੱਚ ਕੀਤਾ ਗਿਆ ਸੀ। ਬੀਐੱਲਏ ਦਾ ਦੋਸ਼ ਹੈ ਕਿ ਪਾਕਿਸਤਾਨੀ ਫੌਜ ਬਲੋਚ ਨਾਗਰਿਕਾਂ ਨੂੰ ਜ਼ਬਰਦਸਤੀ ਲਾਪਤਾ ਕਰ ਰਹੀ ਹੈ ਅਤੇ ਇਹ ਹਮਲਾ ਉਸੇ ਦੇ ਜਵਾਬ ਵਿੱਚ ਕੀਤਾ ਗਿਆ ਸੀ। ਬੀਐੱਲਏ ਦੇ ਖੁਫੀਆ ਵਿੰਗ 'ਜ਼ੀਰਾਬ' ਨੇ ਜਾਣਕਾਰੀ ਦਿੱਤੀ ਸੀ ਕਿ ਬੱਸ ਵਿੱਚ ਪਾਕਿਸਤਾਨੀ ਫੌਜ ਅਤੇ ਖੁਫੀਆ ਏਜੰਸੀ ਆਈਐੱਸਆਈ ਨਾਲ ਜੁੜੇ ਲੋਕ ਸਵਾਰ ਸਨ। ਹਾਲਾਂਕਿ, ਪਾਕਿਸਤਾਨੀ ਮੀਡੀਆ ਇਸਨੂੰ ਆਮ ਨਾਗਰਿਕਾਂ 'ਤੇ ਹਮਲਾ ਦੱਸ ਰਿਹਾ ਹੈ ਅਤੇ ਇਸ ਦਾਅਵੇ ਦੀ ਪੁਸ਼ਟੀ ਨਹੀਂ ਹੋਈ ਹੈ।
ਅੱਤਵਾਦ ਤੇ ਅਸੁਰੱਖਿਆ ਦੇ ਸਾਏ ਹੇਠ ਪਾਕਿਸਤਾਨ
ਬਲੋਚਿਸਤਾਨ ਲੰਬੇ ਸਮੇਂ ਤੋਂ ਅੱਤਵਾਦੀ ਹਮਲਿਆਂ ਦਾ ਗੜ੍ਹ ਰਿਹਾ ਹੈ। ਹਾਲ ਹੀ ਦੇ ਸਾਲਾਂ 'ਚ ਇਸ ਸੂਬੇ 'ਚ ਪਾਕਿਸਤਾਨੀ ਸਰਕਾਰ ਅਤੇ ਫੌਜ ਵਿਰੁੱਧ ਕਈ ਹਮਲੇ ਹੋਏ ਹਨ। ਪੰਜਾਬੀਆਂ ਅਤੇ ਹੋਰ ਘੱਟ ਗਿਣਤੀਆਂ ਨੂੰ ਖਾਸ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਪਾਕਿਸਤਾਨ ਵਿੱਚ ਸੁਰੱਖਿਆ ਸਥਿਤੀ ਬਾਰੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।
ਸਭ ਤੋਂ ਗਰੀਬ ਤੇ ਆਮ ਆਬਾਦੀ ਵਾਲਾ ਖੇਤਰ ਬਲੋਚਿਸਤਾਨ
ਬਲੋਚਿਸਤਾਨ ਪਾਕਿਸਤਾਨ ਦਾ ਸਭ ਤੋਂ ਗਰੀਬ ਅਤੇ ਘੱਟ ਆਬਾਦੀ ਵਾਲਾ ਇਲਾਕਾ ਬਣਿਆ ਹੋਇਆ ਹੈ, ਜਿੱਥੇ ਵੱਖਵਾਦੀ ਲਹਿਰਾਂ ਦਹਾਕਿਆਂ ਤੋਂ ਸਰਗਰਮ ਹਨ। 2005 'ਚ, ਪਾਕਿਸਤਾਨੀ ਫੌਜ ਨੇ ਇਨ੍ਹਾਂ ਵੱਖਵਾਦੀਆਂ ਵਿਰੁੱਧ ਇੱਕ ਵਿਸ਼ਾਲ ਫੌਜੀ ਕਾਰਵਾਈ ਸ਼ੁਰੂ ਕੀਤੀ, ਪਰ ਸਥਿਤੀ ਵਿੱਚ ਕੋਈ ਖਾਸ ਬਦਲਾਅ ਨਹੀਂ ਆਇਆ। ਬਲੋਚਿਸਤਾਨ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (CPEC) ਦਾ ਇੱਕ ਮਹੱਤਵਪੂਰਨ ਕੇਂਦਰ ਹੈ, ਪਰ ਇੱਥੋਂ ਦੇ ਵੱਖਵਾਦੀ ਅਤੇ ਰਾਜਨੀਤਿਕ ਪਾਰਟੀਆਂ ਲਗਾਤਾਰ ਇਸ ਪ੍ਰੋਜੈਕਟ ਦਾ ਵਿਰੋਧ ਕਰ ਰਹੀਆਂ ਹਨ। ਬਲੋਚ ਵੱਖਵਾਦੀਆਂ ਦਾ ਦੋਸ਼ ਹੈ ਕਿ ਚੀਨ ਇੱਥੇ ਆਪਣੇ ਆਰਥਿਕ ਪ੍ਰੋਜੈਕਟਾਂ ਰਾਹੀਂ ਇਸ ਖੇਤਰ ਨੂੰ ਬਸਤੀਵਾਦੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਇਨ੍ਹਾਂ ਪ੍ਰੋਜੈਕਟਾਂ ਵਿੱਚ ਸਥਾਨਕ ਲੋਕਾਂ ਦੀ ਸਹਿਮਤੀ ਨਹੀਂ ਲਈ ਜਾਂਦੀ, ਜਿਸ ਕਾਰਨ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8