ਪਾਕਿਸਤਾਨ 'ਚ ਸਿੱਖਾਂ ਵੱਲੋਂ ਭਾਈਚਾਰੇ ਦੇ ਅਕਸ ਨੂੰ ਖਰਾਬ ਕਰਨ ਵਾਲੇ ਵਿਅਕਤੀ ਖ਼ਿਲਾਫ਼ ਕਾਰਵਾਈ ਦੀ ਮੰਗ

Wednesday, Sep 07, 2022 - 03:20 PM (IST)

ਇਸਲਾਮਾਬਾਦ (ਏ.ਐੱਨ.ਆਈ.): ਪਾਕਿਸਤਾਨ ਦੇ ਸਿੱਖ ਭਾਈਚਾਰੇ ਨੇ ਮੁਹੰਮਦ ਕਾਸਿਮ ਡੋਗਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਭਾਈਚਾਰੇ ਮੁਤਾਬਕ ਮੁਹੰਮਦ ਕਾਸਿਮ ਡੋਗਰ ਸਿੱਖ ਹੋਣ ਦਾ ਝੂਠਾ ਦਾਅਵਾ ਕਰ ਰਿਹਾ ਹੈ ਅਤੇ ਸੋਸ਼ਲ ਮੀਡੀਆ 'ਤੇ ਵਿਵਾਦਿਤ ਵੀਡੀਓ ਪੋਸਟ ਕਰ ਰਿਹਾ ਹੈ।ਡੇਲੀ ਸਿੱਖ ਦੀ ਰਿਪੋਰਟ ਅਨੁਸਾਰ ਮੁਹੰਮਦ ਕਾਸਿਮ ਡੋਗਰ ਵੱਲੋਂ ਫੇਸਬੁੱਕ ਅਤੇ ਹੋਰ ਸੋਸ਼ਲ ਸਾਈਟਾਂ 'ਤੇ ਅਪਮਾਨਜਨਕ ਵੀਡੀਓਜ਼ ਅਪਲੋਡ ਕਰਕੇ ਅੰਤਰਰਾਸ਼ਟਰੀ ਮੰਚ 'ਤੇ ਭਾਈਚਾਰੇ ਦੇ ਅਕਸ ਨੂੰ ਖਰਾਬ ਕਰਨ ਲਈ ਭਾਈਚਾਰੇ ਨੇ ਉਸ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।

ਕਾਸਿਮ ਡੋਗਰ ਕਥਿਤ ਤੌਰ 'ਤੇ ਜ਼ਿਲ੍ਹਾ ਫੈਸਲਾਬਾਦ ਦੇ ਮਦੀਨਾ ਟਾਊਨ ਇਲਾਕੇ ਦਾ ਰਹਿਣ ਵਾਲਾ ਹੈ।ਰਿਪੋਰਟਾਂ ਅਨੁਸਾਰ ਕਈ ਵਿਰੋਧ ਪ੍ਰਦਰਸ਼ਨਾਂ ਅਤੇ ਵਾਰ-ਵਾਰ ਚੇਤਾਵਨੀਆਂ ਦੇ ਬਾਵਜੂਦ ਮੁਹੰਮਦ ਕਾਸਿਮ ਡੋਗਰ ਇੱਕ ਗੁਆਂਢੀ ਦੇਸ਼ ਦੇ ਖ਼ਿਲਾਫ਼ ਵੀਡੀਓਜ਼ ਪੋਸਟ ਕਰ ਰਿਹਾ ਹੈ ਜੋ ਪੱਗ ਬੰਨ੍ਹਦਾ ਹੈ ਅਤੇ ਪੰਜਾਬੀ ਬੋਲਦਾ ਹੈ।ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਸਰਕਾਰ ਦੇਸ਼ ਵਿਚ ਸਿਰਫ ਮੁੱਠੀ ਭਰ ਗੁਰਦੁਆਰਿਆਂ ਦੀ ਸਾਂਭ-ਸੰਭਾਲ ਕਰ ਕੇ ਸਿੱਖਾਂ ਅਤੇ ਕੌਮਾਂਤਰੀ ਭਾਈਚਾਰੇ ਨੂੰ ਗੁੰਮਰਾਹ ਕਰ ਰਹੀ ਹੈ ਜਦੋਂ ਕਿ ਇਤਿਹਾਸਕ ਮਹੱਤਤਾ ਵਾਲੇ ਸੈਂਕੜੇ ਅਜਿਹੇ ਢਾਂਚੇ ਹਨ ਜੋ ਬਰਬਾਦ ਅਤੇ ਪਲੀਤ ਹੋ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਵਿੱਚ ਸਥਾਨਕ ਪ੍ਰਸ਼ਾਸਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਬੇਅਦਬੀ ਕਰ ਰਿਹਾ ਹੈ ਅਤੇ ਉਨ੍ਹਾਂ 'ਤੇ ਨਾਜਾਇਜ਼ ਕਬਜ਼ਾ ਕਰ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਕਰਤਾਰਪੁਰ ਕਾਰੀਡੋਰ 'ਚ 75 ਸਾਲ ਬਾਅਦ ਮਿਲੇ ਵਿੱਛੜੇ ਭੈਣ-ਭਰਾ, ਨਮ ਹੋਈਆਂ ਅੱਖਾਂ (ਵੀਡੀਓ)

ਕਈ ਇਤਿਹਾਸਕ ਗੁਰਦੁਆਰਿਆਂ ਦੀ ਹਾਲਤ ਖ਼ਰਾਬ

ਪਾਕਿਸਤਾਨ ਦੇ ਗੁਰਦੁਆਰਿਆਂ ਨੂੰ ਸਥਾਨਕ ਪ੍ਰਸ਼ਾਸਨ ਵੱਲੋਂ ਸ਼ਰੇਆਮ ਅਣਗੌਲਿਆ ਕੀਤਾ ਜਾ ਰਿਹਾ ਹੈ। ਕਈ ਗੁਰਦੁਆਰਿਆਂ ਦੀ ਹਾਲਤ ਖਰਾਬ ਹੈ। ਅਜਿਹਾ ਹੀ ਇੱਕ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਹੈ ਜੋ ਰਾਵਲਪਿੰਡੀ ਦੇ ਰਾਜਾ ਬਾਜ਼ਾਰ ਵਿੱਚ ਸਥਿਤ ਹੈ। ਇਸਲਾਮ ਖ਼ਬਰਾਂ ਅਨੁਸਾਰ ਇਸ ਨੂੰ ਬਾਬਾ ਖੇਮ ਸਿੰਘ ਬੇਦੀ ਨੇ 1876 ਵਿੱਚ ਬਣਵਾਇਆ ਸੀ। ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ 'ਤੇ ਸਿੱਖਾਂ ਨੇ ਚਿੰਤਾ ਦਰਜ ਕਰਵਾਈ ਹੈ।ਪਾਕਿਸਤਾਨ ਵਿੱਚ ਗੁਰਦੁਆਰਿਆਂ ਦੀ ਅਣਗਹਿਲੀ ਦੀ ਇੱਕ ਹੋਰ ਉਦਾਹਰਣ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਹੈ। ਇਹ ਪੰਜਾਬ ਸੂਬੇ ਦੇ ਸਾਹੀਵਾਲ ਦੀ ਗਲ੍ਹਾ ਮੰਡੀ ਵਿੱਚ ਸਥਿਤ ਹੈ। ਇਮਾਰਤ ਬਹੁਤ ਵੱਡੀ ਹੈ ਹਾਲਾਂਕਿ ਸਥਾਨਕ ਪ੍ਰਸ਼ਾਸਨ ਨੇ ਗੁਰਦੁਆਰੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਇਸ ਨੂੰ ਸਿਟੀ ਥਾਣੇ ਵਿਚ ਤਬਦੀਲ ਕਰ ਦਿੱਤਾ ਹੈ।

ਬਹੁਤ ਸਾਰੇ ਗੁਰਦੁਆਰਿਆਂ ਦੀ ਬੇਅਦਬੀ

ਸਥਾਨਕ ਸਿੱਖਾਂ ਨੇ ਕਈ ਵਾਰ ਸਥਾਨਕ ਪੁਲਸ ਅਤੇ ਨਿੱਜੀ ਵਿਅਕਤੀਆਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਦੇ ਮੁੱਦੇ ਉਠਾਏ ਹਨ। ਇਕ ਹੋਰ ਗੁਰਦੁਆਰਾ ਕਿਲਾ ਸਾਹਿਬ ਹੈ ਜੋ ਗੁਰੂ ਹਰਗੋਬਿੰਦ ਸਿੰਘ ਦੀ ਯਾਦ ਵਿਚ ਬਣਾਇਆ ਗਿਆ ਸੀ। ਉਹ ਗੁਰੂ ਨਾਨਕਪੁਰਾ ਮੁਹੱਲਾ, ਜ਼ਿਲ੍ਹਾ ਹਾਫ਼ਿਜ਼ਾਬਾਦ ਵਿੱਚ ਸਥਿਤ ਹੈ।ਇਸ ਦੀ ਹਾਲਤ ਖਰਾਬ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਗੁਰਦੁਆਰਿਆਂ ਨੂੰ ਮੀਟ ਦੀਆਂ ਦੁਕਾਨਾਂ, ਕਬਰਾਂ, ਮਕਬਰਿਆਂ ਅਤੇ ਇੱਥੋਂ ਤੱਕ ਕਿ ਜਾਨਵਰਾਂ ਲਈ ਸ਼ੈੱਡ ਵਜੋਂ ਵਰਤ ਕੇ ਉਨ੍ਹਾਂ ਦੀ ਬੇਅਦਬੀ ਕੀਤੀ ਗਈ ਹੈ। ਸਿੱਖ ਭਾਈਚਾਰੇ ਨੇ ਦੋਸ਼ ਲਾਇਆ ਹੈ ਕਿ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਬੀਪੀ) ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਜੀਪੀਸੀ) ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕੋਈ ਪਰਵਾਹ ਨਹੀਂ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News