ਪਾਕਿਸਤਾਨ ਨੇ ਰਿਹਾਅ ਕੀਤੇ 100 ਭਾਰਤੀ ਮਛੇਰੇ
Sunday, Apr 21, 2019 - 11:39 PM (IST)

ਕਰਾਚੀ—ਕੈਦੀਆਂ ਦੀ ਅਦਲਾ-ਬਦਲੀ ਸਬੰਧੀ ਭਾਰਤ-ਪਾਕਿਸਤਾਨ 'ਚ ਹੋਏ ਸਮਝੌਤੇ ਤਹਿਤ ਪਾਕਿਸਤਾਨ ਦੀ ਸਰਕਾਰ ਨੇ 100 ਹੋਰ ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ। ਇਨ੍ਹਾਂ ਮਛੇਰਿਆਂ ਨੂੰ 22 ਅਪ੍ਰੈਲ ਨੂੰ ਵਾਹਘਾ ਸਰਹੱਦ ਰਾਹੀਂ ਭਾਰਤ ਭੇਜਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਲੋਂ 360 ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਬਾਰੇ ਐਲਾਨ ਕੀਤਾ ਗਿਆ ਸੀ ਤੇ ਇਨ੍ਹਾਂ 'ਚੋਂ 200 ਕੈਦੀ ਪਹਿਲਾਂ ਹੀ ਰਿਹਾਅ ਕੀਤੇ ਜਾ ਚੁੱਕੇ ਹਨ। ਇਨ੍ਹਾਂ ਸਾਰਿਆਂ ਭਾਰਤੀਆਂ ਨੂੰ ਅੰਤਰਰਾਸ਼ਟਰੀ ਸਮੁੰਦਰੀ ਸਰਹੱਦ 'ਚ ਦਾਖਲ ਹੋਣ ਕਾਰਨ ਪਾਕਿਸਤਾਨੀ ਕੋਸਟ ਗਾਰਡਸ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ। ਰਿਹਾਅ ਕੀਤੇ ਮਛੇਰਿਆਂ 'ਚੋਂ ਇਕ ਨੇ ਕਿਹਾ ਕਿ ਪਾਕਿਸਤਾਨੀ ਪੁਲਸ ਨੇ ਉਨ੍ਹਾਂ ਨਾਲ ਚੰਗਾ ਵਤੀਰਾ ਕੀਤਾ ਹੈ। ਰਿਹਾਈ ਤੋਂ ਵਤਨ ਵਾਪਸੀ ਤੱਕ ਮਛੇਰਿਆਂ ਦੀ ਦੇਖਭਾਲ ਈਦੀ ਫਾਊਂਡੇਸ਼ਨ ਨੇ ਆਪਣੇ ਹੱਥ ਲਈ ਹੈ।
ਬਾਕੀ ਬਚੇ 60, ਜਿਨ੍ਹਾਂ 'ਚ 5 ਮਛੇਰੇ ਤੇ 55 ਹੋਰ ਕੈਦੀ ਸ਼ਾਮਲ ਹਨ, ਨੂੰ ਵਾਹਘਾ ਸਰਹੱਦ ਰਾਹੀਂ 29 ਅਪ੍ਰੈਲ ਨੂੰ ਭਾਰਤ ਹਵਾਲੇ ਕੀਤਾ ਜਾਵੇਗਾ। ਇਸ ਦੌਰਾਨ ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਭਾਰਤ ਦੀਆਂ ਜੇਲਾਂ 'ਚ 347 ਪਾਕਿਸਤਾਨੀ ਕੈਦੀ ਹਨ, ਜਿਨ੍ਹਾਂ 'ਚ 98 ਮਛੇਰੇ ਤੇ 249 ਹੋਰ ਕੈਦੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਵੀ ਪਾਕਿਸਤਾਨ ਨਾਲ ਸਹਿਯੋਗ ਕਰੇਗਾ।