ਪਾਕਿ : ਸੰਸਦ 'ਚ ਨਹੀਂ ਪਹੁੰਚੇ ਇਮਰਾਨ ਖਾਨ, ਜੰਮ ਕੇ ਮਚਿਆ ਹੰਗਾਮਾ
Tuesday, Aug 06, 2019 - 01:59 PM (IST)

ਇਸਲਾਮਾਬਾਦ (ਬਿਊਰੋ)— ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਭਾਰਤ ਸਰਕਾਰ ਦੇ ਫੈਸਲੇ ਦੇ ਬਾਅਦ ਪਾਕਿਸਤਾਨ ਵਿਚ ਹਲਚਲ ਮਚੀ ਹੋਈ ਹੈ। ਸੋਮਵਾਰ ਨੂੰ ਜਿੱਥੇ ਪਾਕਿਸਤਾਨ ਨੇ ਬਿੱਲ ਦਾ ਵਿਰੋਧ ਕਰਦਿਆਂ ਭਾਰਤ 'ਤੇ ਸੰਯੁਕਤ ਰਾਸ਼ਟਰ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਸੀ ਉੱਥੇ ਹੁਣ ਮੰਗਲਵਾਰ ਨੂੰ ਪਾਕਿਸਤਾਨ ਦੀ ਸੰਸਦ ਵਿਚ ਇਸ ਮੁੱਦੇ 'ਤੇ ਵਿਚਾਰ ਵਟਾਂਦਰਾ ਕੀਤਾ ਜਾਣਾ ਹੈ।
Ruckus in Parliament of Pakistan as the Opposition objects to Prime Minister Imran Khan's absence from the joint session to hold a discussion on Kashmir. Session proceedings stopped even before starting as the Speaker left for his chamber. pic.twitter.com/eZrQfzvUM1
— ANI (@ANI) August 6, 2019
ਅਸਲ ਵਿਚ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਭਾਰਤ ਸਰਕਾਰ ਦੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰਾਜ ਦਾ ਦਰਜਾ ਖਤਮ ਕਰ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ 'ਤੇ ਪਾਕਿਸਤਾਨ ਦੇ ਰਵੱਈਏ ਤੇ ਚਰਚਾ ਲਈ ਨੈਸ਼ਨਲ ਅਸੈਂਬਲੀ ਅਤੇ ਸੈਨੇਟ ਦਾ ਸੰਯੁਕਤ ਸੈਸ਼ਨ ਬੁਲਾਇਆ ਸੀ। ਇਸ ਮੌਕੇ ਇਮਰਾਨ ਖਾਨ ਸੰਸਦ ਵਿਚ ਮੌਜੂਦ ਨਹੀਂ ਸਨ। ਇਸ ਗੱਲ ਦਾ ਵਿਰੋਧੀ ਧਿਰਾਂ ਨੇ ਵਿਰੋਧ ਕੀਤਾ। ਵਿਰੋਧੀ ਧਿਰ ਦੇ ਨੇਤਾ ਉਮੀਦ ਜ਼ਾਹਰ ਕਰ ਰਹੇ ਹਨ ਕਿ ਇਮਰਾਨ ਵੀ ਬੈਠਕ ਵਿਚ ਸ਼ਾਮਲ ਹੋਣਗੇ ਕਿਉਂਕਿ ਕਸ਼ਮੀਰ ਦਾ ਮੁੱਦਾ ਸਾਰੇ ਰਾਜਨੀਤਕ ਮੁੱਦਿਆਂ ਤੋਂ ਉੱਪਰ ਹੈ।
ਸੈਸ਼ਨ ਸ਼ੁਰੂ ਹੁੰਦੇ ਹੀ ਲਗਾਤਾਰ ਹੰਗਾਮਾ ਸ਼ੁਰੂ ਹੋ ਗਿਆ। ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੁਕ ਗਈ ਕਿਉਂਕਿ ਪ੍ਰਧਾਨ ਉਠ ਕੇ ਚਲੇ ਗਏ। ਜਾਣਕਾਰੀ ਮੁਤਾਬਕ ਪੀ.ਐੱਮ.ਐੱਲ.ਐੱਨ., ਪੀ.ਪੀ.ਪੀ. ਅਤੇ ਦੂਜੀਆਂ ਪਾਰਟੀਆਂ ਨੇ ਸਦਨ ਅੰਦਰ ਹੰਗਾਮਾ ਕੀਤਾ, ਜਿਸ ਕਾਰਨ ਕਾਰਵਾਈ ਵਿਚ ਬਾਰ-ਬਾਰ ਰੁਕਾਵਟ ਪੈਂਦੀ ਰਹੀ। ਲਗਾਤਾਰ ਹੰਗਾਮੇ ਦੇ ਬਾਅਦ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਸਦ ਕੈਸਰ ਨੇ 20 ਮਿੰਟ ਲਈ ਕਾਰਵਾਈ ਭੰਗ ਕਰ ਦਿੱਤੀ।
ਜਾਣਕਾਰੀ ਮੁਤਾਬਕ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਵਿਰੋਧੀ ਧਿਰ ਦੇ ਪਹਿਲੇ ਅਜਿਹੇ ਨੇਤਾ ਸਨ, ਜਿਨ੍ਹਾਂ ਨੇ ਇਸ ਬੈਠਕ ਦੀ ਮੰਗ ਕੀਤੀ ਸੀ। ਇਸ ਬੈਠਕ ਵਿਚ ਸ਼ਾਮਲ ਹੋਣ ਲਈ ਉਹ ਕਰਾਚੀ ਤੋਂ ਇਸਲਾਮਾਬਾਦ ਆਏ ਸਨ।