ਪਾਕਿ NSA ਵੱਲੋਂ ਪੱਛਮੀ ਦੇਸ਼ਾਂ ਨੂੰ ਧਮਕੀ, ਜੇ ਤਾਲਿਬਾਨ ਨੂੰ ਨਹੀਂ ਦਿੱਤੀ ‘ਮਾਨਤਾ’ ਤਾਂ 9/11 ਵਰਗੇ ਹੋਣਗੇ ਹਮਲੇ
Tuesday, Aug 31, 2021 - 06:30 PM (IST)
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਬੜਬੋਲੇ ਮੰਤਰੀ ਅਕਸਰ ਬੇਤੁਕੇ ਅਤੇ ਵਿਵਾਦਪੂਰਨ ਬਿਆਨ ਦੇ ਕੇ ਸੁਰਖੀਆਂ ’ਚ ਰਹਿੰਦੇ ਹਨ। ਤਾਜ਼ਾ ਮਾਮਲੇ ’ਚ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਮੋਇਦ ਯੂਸੁਫ ਦਾ ਬਹੁਤ ਹੀ ਸ਼ਰਮਨਾਕ ਬਿਆਨ ਪੂਰੀ ਦੁਨੀਆ ਲਈ ਹੈਰਾਨੀ ਅਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਐੱਨ. ਐੱਸ. ਏ. ਮੋਇਦ ਯੂਸੁਫ ਨੇ ਪੱਛਮੀ ਦੇਸ਼ਾਂ ਨੂੰ ਸਿੱਧੀ ਧਮਕੀ ਦਿੱਤੀ ਹੈ ਕਿ ਜੇ ਤਾਲਿਬਾਨ ਨੂੰ ਮਾਨਤਾ ਨਾ ਮਿਲੀ ਤਾਂ ਉਨ੍ਹਾਂ ਨੂੰ 9/11 ਵਰਗੇ ਹੋਰ ਹਮਲਿਆਂ ਦਾ ਸਾਹਮਣਾ ਕਰਨਾ ਪਵੇਗਾ। ਯੂਸੁਫ ਨੇ ਕਿਹਾ ਕਿ ਜੇ ਅਫ਼ਗਾਨਿਸਤਾਨ ਦੂਜੀ ਵਾਰ ਅਲੱਗ-ਥਲੱਗ ਰਹਿ ਗਿਆ, ਤਾਂ ਪੱਛਮੀ ਦੇਸ਼ਾਂ ’ਚ ਵੱਡੀ ਪੱਧਰ ’ਤੇ ਸ਼ਰਨਾਰਥੀ ਸੰਕਟ ਪੈਦਾ ਹੋ ਜਾਵੇਗਾ। ਪਾਕਿਸਤਾਨੀ ਐੱਨ. ਐੱਸ. ਏ. ਨੇ ਇਹ ਧਮਕੀ ਅਜਿਹੇ ਸਮੇਂ ਦਿੱਤੀ ਹੈ, ਜਦੋਂ ਆਈ. ਐੱਸ. ਆਈ. ਐੱਸ. ਦੇ ਹਮਲਿਆਂ ਦੇ ਖ਼ਤਰੇ ਵਿਚਕਾਰ ਅਮਰੀਕਾ ਅਤੇ ਸਹਿਯੋਗੀ ਆਪਣੇ ਫੌਜੀਆਂ ਅਤੇ ਨਾਗਰਿਕਾਂ ਨੂੰ ਕੱਢਣ ਲਈ ਜੰਗੀ ਪੱਧਰ ’ਤੇ ਖੜ੍ਹੇ ਹਨ।
ਇਹ ਵੀ ਪੜ੍ਹੋ : ਸਾਊਦੀ ਅਰਬ ਦੇ ਏਅਰਪੋਰਟ ’ਤੇ ਡਰੋਨ ਹਮਲਾ, 8 ਲੋਕ ਜ਼ਖ਼ਮੀ
ਸਕਾਈ ਨਿਊਜ਼ ਨਾਲ ਗੱਲਬਾਤ ’ਚ ਮੋਇਦ ਨੇ ਕਿਹਾ ਕਿ ਜਦੋਂ 1989 ’ਚ ਸੋਵੀਅਤ ਸੰਘ ਦੀ ਫੌਜ ਇਸ ਖੇਤਰ ਤੋਂ ਵਾਪਸ ਗਈ ਸੀ ਤਾਂ ਪੱਛਮੀ ਦੇਸ਼ਾਂ ਨੇ ਅਫਗਾਨਿਸਤਾਨ ਤੋਂ ਮੂੰਹ ਮੋੜ ਲਿਆ ਅਤੇ ਅਫਗਾਨਿਸਤਾਨ ਨੂੰ ਅੱਤਵਾਦੀਆਂ ਦੀ ਪਨਾਹਗਾਹ ਬਣਨ ਦਿੱਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਹਾਲੇ ਤਾਲਿਬਾਨ ਨੂੰ ਮਾਨਤਾ ਨਹੀਂ ਦਿੱਤੀ ਹੈ ਪਰ ਵਿਸ਼ਵ ਭਾਈਚਾਰੇ ਨੂੰ ਅਪੀਲ ਕਰਦਾ ਹੈ ਕਿ ਉਹ ਤਾਲਿਬਾਨ ਨਾਲ ਗੱਲਬਾਤ ਕਰੇ ਤਾਂ ਜੋ ਸੁਰੱਖਿਆ ਪੱਖੋਂ ਖਲਾਅ ਪੈਦਾ ਨਾ ਹੋਵੇ। ਡਾ. ਯੂਸੁਫ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੁਨੀਆ ਤਾਲਿਬਾਨ ਦੀ ਗੱਲ ਸੁਣੇ ਅਤੇ ਪਿਛਲੀਆਂ ਗਲਤੀਆਂ ਤੋਂ ਬਚੇ। ਮੋਇਦ ਨੇ ਕਿਹਾ, ‘‘ਅਫ਼ਗਾਨਿਸਤਾਨ ’ਚ ਪੈਸਾ ਨਹੀਂ ਹੋਵੇਗਾ, ਜੇ ਉੱਥੇ ਕੋਈ ਪ੍ਰਸ਼ਾਸਨ ਨਹੀਂ ਹੋਵੇਗਾ, ਜੇ ਆਈ. ਐੱਸ. ਆਈ. ਐੱਸ. ਅਤੇ ਅਲ-ਕਾਇਦਾ ਅਤੇ ਹੋਰ ਸਮੂਹ ਆਪਣੀਆਂ ਜੜ੍ਹਾਂ ਸਥਾਪਿਤ ਕਰਨਗੇ, ਤਾਂ ਤੁਹਾਡੇ ਖਿਆਲ ’ਚ ਕੀ ਹੋ ਸਕਦਾ ਹੈ?’’ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਸਿਰਫ ਇਸ ਖੇਤਰ ਤੱਕ ਸੀਮਤ ਨਹੀਂ ਰਹੇਗਾ। ਮੈਂ ਕਿਤੇ ਪੜ੍ਹਿਆ ਹੈ ਕਿ ਇਹ ਸ਼ਰਨਾਰਥੀ ਸੰਕਟ ਸਿਰਫ ਇਸ ਖੇਤਰ ਤੱਕ ਸੀਮਤ ਨਹੀਂ ਰਹੇਗਾ।
ਪਾਕਿਸਤਾਨੀ ਐੱਨ. ਐੱਸ. ਏ. ਨੇ ਕਿਹਾ, ‘‘ਸ਼ਰਨਾਰਥੀਆਂ ਅਤੇ ਅੱਤਵਾਦੀਆਂ ਦੀ ਗਿਣਤੀ ਵਧੇਗੀ ਅਤੇ ਕੋਈ ਨਹੀਂ ਚਾਹੁੰਦਾ ਕਿ ਇਹ ਗਲਤੀ ਦੁਹਰਾਈ ਜਾਵੇ।’’ ਅਫ਼ਗਾਨਿਸਤਾਨ ਨੂੰ ਇਕੱਲੇ ਛੱਡਣ ਨਾਲ ਕਾਨੂੰਨ-ਵਿਵਸਥਾ ਭੰਗ ਹੋ ਜਾਵੇਗੀ ਅਤੇ ਸੁਰੱਖਿਆ ਪ੍ਰਣਾਲੀ ਅਸਫਲ ਹੋ ਜਾਵੇਗੀ। ਇੱਥੇ ਬਹੁਤ ਸਾਰੇ ਅੰਤਰਰਾਸ਼ਟਰੀ ਅੱਤਵਾਦੀ ਹਨ, ਜੋ ਹਿੰਸਾ ਦਾ ਰਾਹ ਅਖ਼ਤਿਆਰ ਕਰ ਸਕਦੇ ਹਨ, ਆਰਥਿਕ ਸੰਕਟ ਪੈਦਾ ਹੋ ਸਕਦਾ ਹੈ ਅਤੇ ਅੰਤ ’ਚ 9/11 ਵਰਗੇ ਹਮਲੇ ਹੋ ਸਕਦੇ ਹਨ। ਮੋਇਦ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਪਾਕਿਸਤਾਨ ਸਰਕਾਰ ਦਾਅਵਾ ਕਰਦੀ ਹੈ ਕਿ ਉਹ ਤਾਲਿਬਾਨ ਨੂੰ ਅਲੱਗ-ਥਲੱਗ ਕਰਨ ਦੀ ਬਜਾਏ ਉਸ ਨਾਲ ਨੇੜਿਓਂ ਕੰਮ ਕਰ ਰਹੀ ਹੈ। ਇਮਰਾਨ ਸਰਕਾਰ ਦਾ ਮੰਨਣਾ ਹੈ ਕਿ ਤਾਲਿਬਾਨ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ। ਦਰਅਸਲ, ਪਾਕਿਸਤਾਨ ਨੇ ਆਪਣੀ ਫੌਜ ਅਤੇ ਲਸ਼ਕਰ ਵਰਗੇ ਅੱਤਵਾਦੀਆਂ ਦੀ ਮਦਦ ਨਾਲ ਅਫ਼ਗਾਨਿਸਤਾਨ ’ਚ ਤਾਲਿਬਾਨ ਦਾ ਰਾਜ ਲਿਆਉਣ ਲਈ ਤਾਲਿਬਾਨ ਨੂੰ ਪੂਰਾ ਬਲ ਦਿੱਤਾ ਸੀ। ਹੁਣ ਵੱਡੀ ਪੱਧਰ ’ਤੇ ਹਿੰਸਾ ਤੋਂ ਬਾਅਦ ਪਾਕਿਸਤਾਨ ਨੇ ਤਾਲਿਬਾਨ ਨੂੰ ਬਚਾਉਣ ਲਈ ਆਪਣਾ ਅਕਸ ਚਮਕਾਉਣਾ ਸ਼ੁਰੂ ਕਰ ਦਿੱਤਾ ਹੈ, ਜੋ ਪਾਬੰਦੀਆਂ ਦੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ। ਇਸੇ ਕੜੀ ’ਚ ਪਾਕਿਸਤਾਨੀ ਐੱਨ. ਐੱਸ. ਏ. ਪੱਛਮੀ ਦੇਸ਼ਾਂ ਨੂੰ ਧਮਕੀ ਵੀ ਦੇ ਰਿਹਾ ਹੈ।