ਪਾਕਿ 'ਚ ਭਾਰੀ ਮੀਂਹ, 18 ਲੋਕਾਂ ਦੀ ਮੌਤ ਤੇ ਜਨਜੀਵਨ ਪ੍ਰਭਾਵਿਤ
Thursday, Aug 27, 2020 - 06:39 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਅਤੇ ਵਿੱਤੀ ਰਾਜਧਾਨੀ ਕਰਾਚੀ ਵਿਚ ਭਾਰੀ ਮੀਂਹ ਪੈਣ ਕਾਰਨ ਵੱਡੀ ਤਬਾਹੀ ਹੋਈ ਹੈ। ਮੰਗਲਵਾਰ ਤੋਂ ਲੈ ਕੇ ਹੁਣ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੀਂਹ ਦੇ ਕਾਰਨ ਸੜਕਾਂ 'ਤੇ ਪਾਣੀ ਭਰ ਗਿਆ ਹੈ। ਕਾਰੋਬਾਰੀ ਗਤੀਵਿਧੀਆਂ 'ਤੇ ਬੁਰਾ ਅਸਰ ਪਿਆ ਹੈ।
ਮੌਸਮ ਵਿਭਾਗ ਨੇ ਵੀਰਵਾਰ ਨੂੰ ਕਿਹਾ ਕਿ ਅਗਸਤ ਦੇ ਮਹੀਨੇ ਵਿਚ ਇੰਨਾ ਮੀਹ ਪਿਆ ਹੈ ਕਿ 90 ਸਾਲ ਦਾ ਰਿਕਾਰਡ ਟੁੱਟ ਗਿਆ। ਮੌਸਮ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ,''ਇਸ ਸਾਲ ਮਾਨਸੂਨੀ ਮੀਹ ਜ਼ਿਆਦਾ ਸਮੇਂ ਤੱਕ ਅਤੇ ਅਸਧਾਰਨ ਪਿਆ। ਅਗਲੇ ਕੁਝ ਦਿਨਾਂ ਤੱਕ ਮੀਂਹ ਇਸ ਤਰ੍ਹਾਂ ਹੀ ਪਵੇਗਾ।'' ਕਰਾਚੀ ਵਿਚ ਸਵੇਰ ਤੋਂ ਹੀ ਲਗਾਤਾਰ ਮੀਂਹ ਪੈਣ ਨਾਲ ਜਨਜੀਵਨ ਅਤੇ ਕਾਰੋਬਾਰ ਪ੍ਰਭਾਵਿਤ ਹਨ। ਲੋਕ ਸੜਕਾਂ 'ਤੇ ਪਾਣੀ ਭਰਨ ਕਾਰਨ ਫਸੇ ਹੋਏ ਹਨ। ਕਰਾਚੀ ਦੇ ਕਮਿਸ਼ਨਰ ਮੁਹੰਮਦ ਸੁਹੈਲ ਰਾਜਪੂਰ ਨੇ ਲੋਕਾਂ ਨੂੰ ਘਰਾਂ ਵਿਚੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮੀਂਹ ਕਾਰਨ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।