ਪਾਕਿਸਤਾਨ : ਸੰਗਤਾਂ ਲਈ ਮੁੜ ਖੋਲ੍ਹਿਆ ਗਿਆ ਗੁਰਦੁਆਰਾ ਬਾਲ ਲੀਲਾ ਸਾਹਿਬ

02/10/2019 8:55:04 AM

ਨਨਕਾਣਾ ਸਾਹਿਬ,(ਏਜੰਸੀ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਪਨ ਨਾਲ ਸਬੰਧਤ ਅਸਥਾਨ 'ਤੇ ਪਾਕਿਸਤਾਨ 'ਚ ਗੁਰਦੁਆਰਾ ਬਾਲ ਲੀਲਾ ਸਾਹਿਬ ਸੁਸ਼ੋਭਿਤ ਹੈ, ਜਿਸ ਦੀ ਮੁੱਖ ਇਮਾਰਤ ਨੂੰ 10 ਸਾਲ ਦੇ ਨਵੀਨੀਕਰਨ ਮਗਰੋਂ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ। ਕਿਹਾ ਜਾਂਦਾ ਹੈ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਬਚਪਨ 'ਚ ਆਪਣੇ ਦੋਸਤਾਂ ਨਾਲ ਇਸੇ ਸਥਾਨ 'ਤੇ ਖੇਡਿਆ ਕਰਦੇ ਸਨ । ਇਹ ਗੁਰਦੁਆਰਾ ਸਾਹਿਬ ਗੁਰੂ ਜੀ ਦੇ ਜਨਮ ਅਸਥਾਨ ਤੋਂ 300 ਮੀਟਰ ਦੱਖਣ-ਪੂਰਬ 'ਚ ਪੈਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਜੀ ਆਪਣੇ ਦੋਸਤਾਂ ਨੂੰ ਇੱਥੇ ਹੀ ਪ੍ਰਮਾਤਮਾ ਬਾਰੇ ਗਿਆਨ ਵੀ ਦਿੰਦੇ ਸਨ।

1921 ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਨਿਰਮਲੇ ਸਿੱਖਾਂ ਵੱਲੋਂ ਦੇਖਿਆ ਜਾਂਦਾ ਸੀ। 1921 ਅਤੇ 1947 ਵਿਚਕਾਰ ਗੁਰਦੁਆਰੇ ਦੀ ਦੇਖਭਾਲ ਸਿੱਖਾਂ ਕੋਲ ਆ ਗਈ ਸੀ। ਵੰਡ ਤੋਂ ਬਾਅਦ ਇਸ ਦਾ ਪ੍ਰਬੰਧ ਪਾਕਿਸਤਾਨ ਦੇ ਓਕਾਫ ਬੋਰਡ ਨੂੰ ਤਬਦੀਲ ਕਰ ਦਿੱਤਾ ਗਿਆ ਸੀ। ਇਮਾਰਤ ਦੀ ਹਾਲਤ ਖਸਤਾ ਹੋਣ ਕਰਕੇ ਸੰਗਤਾਂ ਲਈ ਗੁਰਦੁਆਰਾ ਕਰੀਬ 17 ਸਾਲ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ।

ਗੁਰਦੁਆਰੇ ਦੇ ਗ੍ਰੰਥੀ ਮੁਤਾਬਕ ਕਾਰ ਸੇਵਾ ਮੁਕੰਮਲ ਹੋਣ ਮਗਰੋਂ ਗੁਰਦੁਆਰੇ ਨੂੰ ਸੰਗਤ ਦੇ ਦਰਸ਼ਨ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ। ਕਾਰ ਸੇਵਾ 'ਚ ਯੂ.ਕੇ. ਆਧਾਰਿਤ ਜਥੇ ਗੁਰੂ ਕਾ ਬਾਗ, ਬਾਬਾ ਜਗਤਾਰ ਸਿੰਘ ਤਰਨ ਤਾਰਨ, ਓਕਾਫ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਚੇਚੇ ਤੌਰ 'ਤੇ ਸਹਿਯੋਗ ਕੀਤਾ ਹੈ। ਜ਼ਿਕਰਯੋਗ ਹੈ ਕਿ ਲੰਗਰ ਹਾਲ, ਪ੍ਰਕਾਸ਼ ਅਸਥਾਨ ਅਤੇ ਸੁਖਾਸਨ ਸਥਾਨ ਦਾ ਨਵੀਨੀਕਰਨ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬ ਨਾਲ ਲੱਗਦਾ ਪੁਰਾਣਾ ਸਰੋਵਰ ਸੁੱਕ ਚੁੱਕਾ ਹੈ ਅਤੇ ਉਸ ਦੇ ਨਵੀਨੀਕਰਨ ਦੀ ਲੋੜ ਹੈ। ਇਸੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵੀ ਆ ਰਿਹਾ ਹੈ, ਜਿਸ ਨੂੰ ਲੈ ਕੇ ਸੰਗਤਾਂ 'ਚ ਕਾਫੀ ਉਤਸ਼ਾਹ ਹੈ। ਸੰਗਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਇਸ ਵਾਰ ਉਹ ਪਾਕਿਸਤਾਨ ਜਾ ਕੇ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣਗੇ ਅਤੇ ਗੁਰਦੁਆਰਾ ਬਾਲ ਲੀਲਾ ਸਾਹਿਬ ਖੁੱਲ੍ਹਣ ਨਾਲ ਉਨ੍ਹਾਂ ਦਾ ਚਾਅ ਦੁੱਗਣਾ ਹੋ ਗਿਆ ਹੈ।


Related News